ਲੰਗਾਹ ਅਤੇ ਮਨਪ੍ਰੀਤ ਬਾਦਲ ਆਪਣੇ ਸ਼ਪਸ਼ਟੀਕਰਨ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ
ਅੰਮ੍ਰਿਤਸਰ 6 ਸਤੰਬਰ ,ਬੋਲੇ ਪੰਜਾਬ ਬਿਊਰੋ :
ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ 30 ਅਗਸਤ ਦੀ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਦੇ ਫੈਸਲੇ ਮੁਤਾਬਿਕ ਅੱਜ ਮਨਪ੍ਰੀਤ ਸਿੰਘ ਬਾਦਲ ਅਤੇ ਸੁੱਚਾ ਸਿੰਘ ਲੰਗਾਹ ਆਪੋ ਆਪਣੇ ਸ਼ਪਸ਼ਟੀਕਰਨ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਹਾਜ਼ਰ ਹੋਏ। ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਗੈਰ ਹਾਜ਼ਰੀ ਵਿਚ ਇਹ ਸ਼ਪਸ਼ਟੀਕਰਨ ਜਥੇਦਾਰ ਦੇ ਨਿੱਜੀ ਸਹਾਇਕ ਸ ਜਸਪਾਲ ਸਿੰਘ ਨੇ ਪ੍ਰਾਪਤ ਕੀਤੇ। ਸ ਮਨਪ੍ਰੀਤ ਸਿੰਘ ਬਾਦਲ ਅੱਜ ਸਵੇਰ ਸਾਰ ਸ੍ਰੀ ਦਰਬਾਰ ਸਾਹਿਬ ਆਏ ਤੇ ਮੱਥਾ ਟੇਕਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਅਰਦਾਸ ਕੀਤੀ, ਜਿਥੋਂ ਉਹ ਸਿਧੇ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਪੁੱਜੇ ਤੇ ਆਪਣਾ ਸ਼ਪਸ਼ਟੀਕਰਨ ਸ ਜਸਪਾਲ ਸਿੰਘ ਨੂੰ ਸੌਂਪਿਆ। ਸ ਬਾਦਲ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦਿੱਤੇ ਵਾਪਿਸ ਚਲੇ ਗਏ। ਕੁਝ ਸਮੇਂ ਬਾਅਦ ਸੁੱਚਾ ਸਿੰਘ ਲੰਗਾਹ ਵੀ ਆਪਣੇ ਸਾਥੀਆਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਆਏ ਤੇ ਉਹਨਾਂ ਢਾਡੀ ਵਾਰਾਂ ਸਰਵਣ ਕੀਤੀਆਂ। ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਗਏ ਤੇ ਆਪਣਾ ਸ਼ਪਸ਼ਟੀਕਰਨ ਸ ਜਸਪਾਲ ਸਿੰਘ ਨੂੰ ਸੌਂਪਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਖੜੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਲੰਗਾਹ ਨੇ ਕਿਹਾ ਕਿ ਉਹਨਾਂ ਆਪਣਾ ਪੱਖ ਇਕ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਤੇ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਹਲਕਾ ਗੁਰਦਾਸਪੁਰ ਵਿਚ ਨਾ ਤੇ ਕੋਈ ਡੇਰਾ ਪ੍ਰੇਮੀ ਹੈ ਤੇ ਨਾ ਹੀ ਸਿਰਸਾ ਡੇਰੇ ਦੇ ਨਾਲ ਸਬੰਧਤ ਕੋਈ ਡੇਰਾ ਹੈ। ਉਹ ਆਪ ਖੁਦ ਡੇਰਾਵਾਦ ਦੇ ਖਿਲਾਫ ਹਨ।