ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਪ੍ਰਾਪਰਟੀ ਡੀਲਰ ਲੁਟਿਆ
ਲੁਧਿਆਣਾ, 6 ਸਤੰਬਰ,ਬੋਲੇ ਪੰਜਾਬ ਬਿਊਰੋ ;
ਸ਼ਹਿਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਦਿਨ-ਬ-ਦਿਨ ਲੁਟੇਰੇ ਪੁਲਸ ਦੀ ਚੌਕਸੀ ਦੇ ਬਾਵਜੂਦ ਕਿਤੇ ਨਾ ਕਿਤੇ ਵਾਰਦਾਤਾਂ ਨੂੰ ਅੰਜਾਮ ਦੇਣ ‘ਚ ਕਾਮਯਾਬ ਹੋ ਰਹੇ ਹਨ। ਅਜਿਹੀ ਹੀ ਲੁੱਟ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਲੁਟੇਰਿਆਂ ਨੇ ਦਿਨ ਦਿਹਾੜੇ ਇੱਕ ਪ੍ਰਾਪਰਟੀ ਡੀਲਰ ਨੂੰ ਬੰਦੂਕ ਦੀ ਨੋਕ ‘ਤੇ ਨਿਸ਼ਾਨਾ ਬਣਾ ਕੇ 27 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਹੈ। ਘਟਨਾ ਗਿੱਲ ਕਲੋਨੀ ਦੀ ਦੱਸੀ ਜਾ ਰਹੀ ਹੈ, ਜਿੱਥੇ ਸਵੇਰੇ ਕਰੀਬ 11 ਵਜੇ ਤਿੰਨ ਲੁਟੇਰੇ ਉਕਤ ਪ੍ਰਾਪਰਟੀ ਡੀਲਰ ਦੇ ਦਫ਼ਤਰ ‘ਚ ਆਏ ਤੇ ਆਉਂਦਿਆਂ ਹੀ ਪਿਸਤੌਲ ਦੀ ਨੋਕ ‘ਤੇ 27 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।
ਪੀੜਤ ਪ੍ਰਾਪਰਟੀ ਡੀਲਰ ਪਰਮਜੀਤ ਮਹਿਤਾ ਨੇ ਦੱਸਿਆ ਕਿ ਅੱਜ ਸਵੇਰੇ ਉਹ ਗਿੱਲ ਰੋਡ ’ਤੇ ਸਥਿਤ ਆਪਣੇ ਦਫ਼ਤਰ ਵਿੱਚ ਬੈਠਾ ਸੀ ਜਦੋਂ ਤਿੰਨ ਲੁਟੇਰੇ ਉਸ ਦੇ ਦਫ਼ਤਰ ਵਿੱਚ ਦਾਖਲ ਹੋਏ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਉਸ ’ਤੇ ਪਿਸਤੌਲ ਤਾਣ ਕੇ ਉਸ ਨੂੰ ਕਿਹਾ ਕਿ ਜੋ ਵੀ ਪੈਸੇ ਹਨ ਦੇ ਦਿਓ, ਨਹੀਂ ਤਾਂ ਗੋਲੀ ਮਾਰ ਦੇਆਂਗੇ, ਡਰ ਦੇ ਮਾਰੇ ਉਸ ਨੇ ਸਾਰੀ ਨਕਦੀ ਲੁਟੇਰਿਆਂ ਨੂੰ ਦੇ ਦਿੱਤੀ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਘਟਨਾ ਸੀ.ਸੀ.ਟੀ.ਵੀ, ਕੈਦ ਹੋ ਗਈ ਹੈ ਅਤੇ ਪੁਲਿਸ ਅਜੇ ਵੀ ਘਟਨਾ ਦੀ ਜਾਂਚ ਕਰ ਰਹੀ ਹੈ।