ਡਾ. ਮਨਜੀਤ ਸਿੰਘ ਬੱਲ ਦਾ ਰੂ-ਬ-ਰੂ ਕਰਵਾਇਆ

ਸਾਹਿਤ ਚੰਡੀਗੜ੍ਹ ਪੰਜਾਬ

ਡਾ. ਮਨਜੀਤ ਸਿੰਘ ਬੱਲ ਦਾ ਰੂ-ਬ-ਰੂ ਕਰਵਾਇਆ


ਚੰਡੀਗੜ੍ਹ 6 ਸਤੰਬਰ ,ਬੋਲੇ ਪੰਜਾਬ ਬਿਊਰੋ :


ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋੰ ਡਾ. ਮਨਜੀਤ ਸਿੰਘ ਬੱਲ ਦਾ ਰੂ-ਬ-ਰੂ ਕਰਵਾਇਆ ਗਿਆ।ਪ੍ਰਧਾਨਗੀ ਉੱਘੇ ਗਜ਼ਲ ਉਸਤਾਦ ਸਿਰੀ ਰਾਮ ਅਰਸ਼ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਡਾ. ਬੱਲ, ਲਾਇਬ੍ਰੇਰੀਅਨ ਡਾ. ਨੀਜਾ ਸਿੰਘ, ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਸ਼ਾਮਲ ਸਨ।ਸਟੇਜ ਨੂੰ ਬੜੇ ਦਿਲਚਸਪ ਢੰਗ ਨਾਲ ਸ੍ਰੀਮਤੀ ਦਵਿੰਦਰ ਕੌਰ ਢਿਲੋਂ ਨੇ ਚਲਾਇਆ।ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਵਲੋਂ ਸੁਹਿਰਦ ਮੈਂਬਰ ਸ੍ਰੀਮਤੀ ਕਿਰਨ ਬੇਦੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ।ਸ੍ਰੀਮਤੀ ਬੇਦੀ ਦੀ ਇਸ ਕੇੰਦਰ ਨਾਲ ਲੰਬੀ ਸਾਂਝ ਨੂੰ ਯਾਦ ਕੀਤਾ ਗਿਆ।ਸ੍ਰੀਮਤੀ ਪਰਮਜੀਤ ਕੌਰ ਪਰਮ ਨੇ ਡਾ. ਬੱਲ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ।ਉਹਨਾਂ ਨੇ ਦੱਸਿਆ ਕਿ ਐਮ.ਬੀ.ਬੀ.ਐਸ,ਐਮ.ਡੀ. ਕਰਕੇ ਕਈ ਸਰਕਾਰੀ ਹਸਪਤਾਲਾਂ ਵਿਚ ਨੌਕਰੀ ਕੀਤੀ ਅਤੇ ਲੋਕ ਭਲਾਈਦੇ ਅਨੇਕਾਂ ਕੰਮ ਕੀਤੇ।ਆਪਣੇ ਵੱਖਰੇ ਸ਼ੌਕ ਵੀ ਪਾਲਦੇ ਰਹੇ ਅਤੇ ਸਾਹਿਤਕ ਚੇਟਕ ਨੂੰ ਬਰ-ਕਰਾਰ ਰੱਖਿਆ।

ਸਿਮਰਜੀਤ ਕੌਰ ਗਰੇਵਾਲ ਨੇ ਗੀਤ ਸੁਣਾ ਕੇ ਮਾਹੌਲ ਰੰਗੀਨ ਬਣਾ ਦਿੱਤਾ।ਬਲਵਿੰਦਰ ਸਿੰਘ ਢਿੱਲੋਂ ਨੇ ਹੀਰ ਦੇ ਕਿੱਸੇ ਵਿਚੋਂ ਕੁਝ ਅੰਸ਼ ਸੁਣਾ ਕੇ ਚੰਗੀ ਵਾਹ ਵਾਹ ਖੱਟੀ।ਡਾ. ਬੱਲ ਨੇ ਡਾਕਟਰੀ ਪੇਸ਼ੇ ਦੌਰਾਨ ਹੋਏ ਕੌੜੇ-ਮਿੱਠੇ ਤਜਰਬੇ ਸਾਂਝੇ ਕੀਤੇ।ਫਿਲਮਾਂ ਬਨਾਉਣ ਦੀ ਦਿਲਚਸਪ ਕਹਾਣੀ ਵੀ ਸੋਹਣੇ ਢੰਗ ਨਾਲ ਬਿਆਨ ਕੀਤੀ।ਗੀਤ ਗਾਉਣੇ ਅਤੇ ਬੰਸਰੀ,ਹਰਮੋਨੀਅਮ,ਬੈਂਜੋ ਵਜਾਉਣੀ ਦੇ ਸ਼ੌੰਕ ਬਾਰੇ ਵੀ ਦੱਸਿਆ।ਡਾ. ਬੱਲ ਨੂੰ ਸਰੋਤਿਆਂ ਵਲੋਂ ਵੀ ਬਹੁਤ ਸਾਰੇ ਸਵਾਲ ਪੁਛੇ ਗਏ ਜਿਹਨਾਂ ਦਾ ਜਵਾਬ ਖੂਬਸੂਰਤ ਤਰੀਕੇ ਨਾਲ ਦਿੱਤਾ ਗਿਆ।ਗੁਰਦਾਸ ਸਿੰਘ ਦਾਸ, ਦਰਸ਼ਨ ਤਿਊਣਾ ਨੇ ਗੀਤ ਸੁਣਾ ਕੇ ਚੰਗਾ ਰੰਗ ਬੰਨ੍ਹਿਆ।ਡਾ. ਨੀਜਾ ਸਿੰਘ ਨੇ ਇਸ ਪ੍ਰੋਗਰਾਮ ਨੂੰ ਵਿਲਖਣ ਅਤੇ ਜਾਣਕਾਰੀ ਭਰਪੂਰ ਦੱਸਿਆ।ਸਿਰੀ ਰਾਮ ਅਰਸ਼ ਨੇ ਕਿਹਾ ਕਿ ਡਾ. ਬੱਲ ਇਕ ਜਿੰਦਗੀ ਵਿਚ ਕਿੰਨੇ ਹੀ ਕਿਰਦਾਰ ਬਾ-ਖੂਬੀ ਨਿਭਾ ਰਿਹਾ ਹੈ।

ਡਾ. ਬੱਲ ਮਿਹਨਤੀ,ਪ੍ਰਤਿਭਾਵਾਨ ਅਤੇ ਜਿੰਦਗੀ ਨੂੰ ਰੱਜ ਕੇ ਜਿਊਣ ਵਾਲਾ ਵਿਅਕਤੀ ਹੈ।ਡਾ.ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਡਾ.ਬੱਲ ਵਰਗੇ ਵਿਅਕਤੀ ਸਮਾਜ ਲਈ ਪ੍ਰੇਰਨਾ-ਸ੍ਰੋਤ ਹੁੰਦੇ ਹਨ।ਸਮਾਜ ਲਈ ਕੁਝ ਕਰਨ ਵਾਲਾ ਹਮੇਸ਼ਾ ਯਾਦ ਰਹਿੰਦਾ ਹੈ।ਪਤੰਗ ਜੀ ਨੇ ਸਭ ਦਾ ਧੰਨਵਾਦ ਵੀ ਕੀਤਾ।

ਇਸ ਮੌਕੇ ਇੰਦਰਜੀਤ ਕੌਰ ਬੱਲ,ਅਜਾਇਬ ਸਿੰਘ ਔਜਲਾ,ਬੀ.ਆਰ.ਰੰਗਾੜਾ,ਬਾਬੂ ਰਾਮ ਦੀਵਾਨਾ,ਦਰਸ਼ਨ ਸਿੱਧੂ,ਭਰਪੂਰ ਸਿੰਘ, ਰਤਨ ਸਿੰਘ ਸੋਢੀ,ਲਾਭ ਸਿੰਘ ਲਹਿਲੀ,ਹਰਬੰਸ ਸੋਢੀ,ਹਰਮਿੰਦਰ ਕਾਲੜਾ,ਪਾਲ ਅਜਨਬੀ,ਵਰਿੰਦਰ ਚੱਠਾ,ਨੀਨਾ ਸੈਣੀ,ਅਜੀਤ ਸਿੰਘ ਧਨੌਤਾ,ਪ੍ਰਲਾਦ ਸਿੰਘ, ਰਾਜਿੰਦਰ ਧੀਮਾਨ,ਰੇਖਾ ਮਿੱਤਲ,ਸੁਮੇਸ਼ ਗੁਪਤਾ,ਚਰਨਜੀਤ ਕੌਰ ਬਾਠ, ਤਰਸੇਮ ਰਾਜ,ਮਲਕੀਤ ਨਾਗਰਾ,ਰਾਜਵਿੰਦਰ ਸਿੰਘ ਗੱਡੂ,ਜਸਪਾਲ ਕੰਵਲ,ਰਤਨ ਬਾਬਕਵਾਲਾ,ਜੇ.ਐਮ.ਚੋਪੜਾ,ਚਰਨਜੀਤ ਕਲੇਰ,ਜਗਤਾਰ ਜੋਗ,ਮਖਣ ਲਾਲ ਗਰਗ,ਰੀਨਾ,ਦਮਨਪ੍ਰੀਤ ਕੌਰ, ਪਰਮ ਦੋਆਬਾ,ਰਾਜਵਿੰਦਰ ਕੌਰ, ਪਿੰਕੀ,ਰਾਜੇਸ਼ ਕੁਮਾਰ ਅਤੇ ਬਹੁਤ ਸਾਰੇ ਲੇਖਕ,ਕਵੀ,ਬੁਧੀਜੀਵੀ,ਪਤਵੰਤੇ ਸੱਜਣ ਹਾਜਰ ਸਨ।

Leave a Reply

Your email address will not be published. Required fields are marked *