ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਦਾ ਮੰਦੜਾ ਹਾਲ : ਅਰਵਿੰਦ ਖੰਨਾ
ਚੰਡੀਗੜ੍ਹ, 5 ਸਤੰਬਰ ,ਬੋਲੇ ਪੰਜਾਬ ਬਿਊਰੋ :
ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਬਿਗੜੀ ਹੋਈ ਹੈ।ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਖੰਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕੋਰਾ ਝੂਠ ਨਿਕਲਿਆ ਹੈ ਅਤੇ ਅੱਜ ਪੰਜਾਬ ਹਰ ਪੱਖ ਤੋਂ ਬਰਬਾਦੀ ਦੇ ਕੰਢੇ ਤੇ ਖੜ੍ਹਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁਦ ਬੁਲਟ ਪਰੂਫ਼ ਸੀਸ਼ਿਆਂ ਵਿੱਚ ਖੜ੍ਹ ਕੇ ਭਾਸ਼ਣ ਦੇਣ ਲਈ ਮਜ਼ਬੂਰ ਹੋਏ ਪਏ ਹਨ।ਉਨ੍ਹਾਂ ਕਿਹਾ ਕਿ ਜਿਸ ਸੂਬੇ ਦੇ ਮੁੱਖ ਮੰਤਰੀ ਬੁਲਟ ਪਰੂਫ਼ ਸੀਸ਼ਿਆਂ ਵਿੱਚ ਖੜ੍ਹ ਕੇ ਅਮਨ ਸ਼ਾਂਤੀ ਦੇ ਦਾਅਵੇ ਕਰਦਾ ਹੋਵੇ ਉਸ ਦੀ ਸਥਿਤੀ ਬਿਆਨ ਕਰਨ ਦੀ ਲੋੜ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿਨ ਦਿਹਾੜੇ ਹੁੰਦੇ ਕਤਲ ਅਤੇ ਹੋਰ ਹਿੰਸਕ ਵਾਰਦਾਤਾਂ ਪੰਜਾਬ ਵਿੱਚ ਬਣੇ ਜੰਗਲ ਰਾਜ ਦਾ ਬਿਆਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਦੀ ਉਦਯੋਗਿਕ ਤਰੱਕੀ ਦੇ ਵੀ ਝੂਠੇ ਵਾਅਦੇ ਹੀ ਕੀਤੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਦਯੋਗਾਂ ਦੇ ਵਿਕਾਸ ਲਈ ਕੋਈ ਸਾਰਥਕ ਯੋਜਨਾ ਨਹੀਂ ਬਣਾਈ ਅਤੇ ਮੁੱਖ ਮੰਤਰੀ ਦੂਜੇ ਰਾਜਾਂ ਵਿੱਚ ਹੀ ਚੋਣ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਪਹਿਲਾਂ ਆਪਣਾ ਘਰ ਠੀਕ ਕਰ ਲੈਣ ਫਿਰ ਬਾਹਰਲੇ ਸੂਬਿਆਂ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਸੂੱਬੇ ਦੀਆਂ ਸਾਬਕਾ ਸਰਕਾਰਾਂ ਵਾਂਗ ਆਪ ਸਰਕਾਰ ਵੀ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਬਿਹਤਰ ਨਹੀਂ ਕਰ ਸਕੀ, ਜਿਸ ਕਾਰਨ ਸੂੱਬੇ ਵਿਚ ਕੋਈ ਵੀ ਵੱਡਾ ਉਦਯੋਗ ਹੁਣ ਤੱਕ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਆਰਥਿਕ ਪੱਖੋਂ ਮਜਬੂਤ ਕਰਨ ਲਈ ਭਗਵੰਤ ਮਾਨ ਸਰਕਾਰ ਕੋਲ ਕੋਈ ਯੋਗ ਨੀਤੀ ਨਹੀਂ ਹੈ, ਫੋਕੀ ਵਾਹਵਾਹੀ ਖੱਟਣ ਲਈ ਸਰਕਾਰ ਕਾਗਜ਼ੀ ਯੋਜਨਾਵਾਂ ਤੇ ਜਿਆਦਾ ਜ਼ੋਰ ਦੇ ਰਹੀ ਹੈ। ਉਨ੍ਹਾਂ ਦਾਵਾ ਕੀਤਾ ਕਿ ਸਰਕਾਰ ਦੀ ਅਜਿਹੀ ਕੋਈ ਉਪਲਬਧੀ ਜਾਂ ਯੋਜਨਾ ਪੰਜਾਬ ਵਿਚ ਆਮ ਆਦਮੀ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਲਾਹੇਵੰਦ ਸਾਬਿਤ ਨਹੀਂ ਹੋਈ।