ਅਧਿਆਪਕ ਦਿਵਸ ਮੌਕੇ ਕੰਪਿਊਟਰ ਅਧਿਆਪਕਾਂ ‘ਤੇ ਲਾਠੀਚਾਰਜ ਦੀ ਡੀ ਟੀ ਐੱਫ ਵੱਲੋਂ ਸਖ਼ਤ ਨਿਖੇਧੀ

Uncategorized

ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਕੇ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਦੇਵੇ ਸਰਕਾਰ: ਡੀ ਟੀ ਐੱਫ

5 ਸਤੰਬਰ, ਚੰਡੀਗੜ੍ਹ ,ਬੋਲੇ ਪੰਜਾਬ ਬਿਊਰੋ :

ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਵੱਲੋਂ ਮੰਗੇ ਜਾ ਰਹੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਦੌਰਾਨ ਸੰਗਰੂਰ ਪੁਲਿਸ ਵੱਲੋਂ ਅਧਿਆਪਕਾਂ ‘ਤੇ ਹਲਕੇ ਲਾਠੀਚਾਰਜ ਅਤੇ ਵਾਟਰ ਕੈਨਨ ਦੀ ਵਰਤੋਂ ਕਰਕੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਦੇ ਵਾਅਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦਿੱਤੇ ਜਾਣ ਵਾਲੇ ਦਿਵਾਲੀ ਦੇ ਤੋਹਫੇ ਦਾ ਕਰੂਪ ਚਿਹਰਾ ਸਾਹਮਣੇ ਆ ਗਿਆ ਅਤੇ ਇਸ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਖੌਤੀ ਬਦਲਾਅ ਵਾਲਾ ਨਾਅਰਾ ਵੀ ਝੂਠਾ ਸਾਬਿਤ ਹੋ ਗਿਆ। ਅਧਿਆਪਕਾਂ ‘ਤੇ ਕੀਤੇ ਗਏ ਹਲਕੇ ਲਾਠੀਚਾਰਜ ਅਤੇ ਵਰਤੇ ਗਏ ਵਾਟਰ ਕੈਨਨ ਦੌਰਾਨ ਅਧਿਆਪਕਾਂ ਦੇ ਚੁੰਨੀਆਂ/ਪੱਗਾਂ ਲਾਹੁਣ, ਬੇਹੋਸ਼ ਹੋਣ ਅਤੇ ਹਲਕੀਆਂ ਸੱਟਾਂ ਲੱਗਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਡੀ.ਟੀ.ਐੱਫ. ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਅਖੌਤੀ ਇਨਕਲਾਬੀ ਸਰਕਾਰ ਦੀਆਂ ਸਿੱਖਿਆ ਵਿਰੋਧੀ ਅਤੇ ਅਧਿਆਪਕ ਵਿਰੋਧੀ ਕਾਰਵਾਈਆਂ ਨੇ ਸਾਫ ਜਾਹਿਰ ਕਰ ਦਿੱਤਾ ਹੈ ਕਿ ਇਹ ਸਰਕਾਰ ਕਿਹੋ ਜਿਹਾ ਅਖੌਤੀ ਬਦਲਾਅ ਚਾਹੁੰਦੀ ਹੈ।

ਆਗੂਆਂ ਨੇ ਕਿਹਾ ਇਹ ਉਹੀ ਸਰਕਾਰ ਹੈ ਜਿਹੜੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਧਰਨਿਆਂ ਵਿੱਚ ਆਪ ਸ਼ਾਮਿਲ ਹੁੰਦੀ ਰਹੀ ਹੈ ਅਤੇ ਉਹਨਾਂ ਨੂੰ ਆਪਣੀ ਸਰਕਾਰ ਬਣਨ ਤੇ ਉਹਨਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਦੇਣ ਦੇ ਵਾਅਦੇ ਕਰਦੀ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੱਤਾ ਵਿੱਚ ਆਉਣ ਤੇ ਇਹਨਾਂ ਵੱਲੋਂ ਵੱਖ-ਵੱਖ ਸਮੇਂ ਤੇ ਕੀਤੇ ਗਏ ਐਲਾਨ ਵੀ ਝੂਠੇ ਸਾਬਤ ਹੁੰਦੇ ਜਾ ਰਹੇ ਹਨ। ਇੱਥੋਂ ਤੱਕ ਕਿ ਇੰਨ੍ਹਾਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਹੁਣ ਤੱਕ ਪੂਰਨ ਝੂਠ ਸਾਬਤ ਹੋ ਚੁੱਕਾ ਹੈ ਅਤੇ ਇਸੇ ਤਰ੍ਹਾਂ ਕੰਪਿਊਟਰ ਅਧਿਆਪਕਾਂ ਨੂੰ ਦਿਵਾਲੀ ਦੇ ਮੌਕੇ ਦਿੱਤਾ ਜਾਣ ਵਾਲਾ ਤੋਹਫ਼ਾ ਹਾਲੇ ਤੱਕ ਉਹਨਾਂ ਨੂੰ ਨਸੀਬ ਨਹੀਂ ਹੋਇਆ।

ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਉਹ ਕੰਪਿਊਟਰ ਅਧਿਆਪਕਾਂ ਦੀਆਂ ਸਿੱਖਿਆ ਵਿਭਾਗ ਵਿੱਚ ਮਰਜ ਹੋਣ ਅਤੇ ਛੇਵੇਂ ਤਨਖਾਹ ਕਮਿਸ਼ਨ ਸਮੇਤ ਹੋਰ ਮੰਗਾਂ ਨੂੰ ਜਾਇਜ਼ ਮਨਦੇ ਹਨ ਅਤੇ ਉਹਨਾਂ ਦੇ ਸੰਘਰਸ਼ ਦੇ ਨਾਲ ਇੱਕਜੁੱਟਤਾ ਪ੍ਰਗਟ ਕਰਦੇ ਹਨ ਅਤੇ ਇੰਨ੍ਹਾਂ ਵੱਲੋਂ ਵਿੱਢੇ ਸੰਘਰਸ਼ ਦੀ ਜਿੱਤ ਤੱਕ ਇੰਨ੍ਹਾਂ ਦਾ ਸਾਥ ਦੇਣਗੇ।

Leave a Reply

Your email address will not be published. Required fields are marked *