ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ, ਦੋ ਪੋਕਲੇਨ ਮਸ਼ੀਨਾਂ, ਦੋ ਟਿੱਪਰ ਜ਼ਬਤ, ਕਰੈਸ਼ਰ ਮਾਲਕ ਸਮੇਤ 4 ਲੋਕਾਂ ‘ਤੇ ਕੇਸ ਦਰਜ
ਪਠਾਨਕੋਟ, 4 ਸਤੰਬਰ,ਬੋਲੇ ਪੰਜਾਬ ਬਿਊਰੋ :
ਪਠਾਨਕੋਟ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣਾ ਨਰੋਟ ਜੈਮਲ ਸਿੰਘ ਦੀ ਪੁਲਸ ਵੱਲੋਂ ਨਾਜਾਇਜ਼ ਮਾਈਨਿੰਗ ਕਰ ਰਹੇ ਲੋਕਾਂ ਖਿਲਾਫ ਕਾਰਵਾਈ ਕਰਦੇ ਹੋਏ ਮੌਕੇ ਤੋਂ ਦੋ ਪੋਕਲੇਨ ਮਸ਼ੀਨਾਂ, ਦੋ ਟਿੱਪਰ ਜ਼ਬਤ ਕੀਤੇ ਗਏ ਹਨ, ਜਦਕਿ ਕਰੈਸ਼ਰ ਮਾਲਕ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਇਸ ਸਬੰਧੀ ਐਸ.ਐਸ.ਪੀ. ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਸੀਊਂਟੀ ਇਲਾਕੇ ‘ਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ਤੋਂ ਬਾਅਦ ਮਾਈਨਿੰਗ ਵਿਭਾਗ ਦੇ ਅਧਿਕਾਰੀ ਸਮੇਤ ਪੁਲੀਸ ਟੀਮ ਨੇ ਮੌਕੇ ’ਤੇ ਛਾਪਾ ਮਾਰਿਆ ਤਾਂ ਮਾਈਨਿੰਗ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਟੀਮ ਨੇ ਮੌਕੇ ‘ਤੇ ਪਹੁੰਚ ਕੇ ਟਿੱਪਰ ਅਤੇ ਪੋਕਲੇਨ ਮਸ਼ੀਨ ਚਲਾਉਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣੀ ਪਛਾਣ ਉਕਤ ਸਟੋਨ ਕਰੱਸ਼ਰ ਦੇ ਕਰਮਚਾਰੀ ਵਜੋਂ ਦੱਸੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਾਜਾਇਜ਼ ਮਾਈਨਿੰਗ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਤਹਿਤ ਐੱਮ. ਗਰੋਵਰ ਸਟੋਨ ਕਰਸ਼ਰ ਦੇ ਮਾਲਕ ਵਿਕਾਸ ਕੁਮਾਰ, ਮੁਕੇਸ਼ ਕੁਮਾਰ, ਬਲਕਾਰ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।