ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਖੇਤੀ ਨੀਤੀ ਮੋਰਚਾ ਪੂਰੇ ਜੋਸ਼ ‘ਚ ਜਾਰੀ
ਚੰਡੀਗੜ੍ਹ,4 ਸਤੰਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੰਡੀਗੜ੍ਹ ਵਿਖੇ ਲਾਏ ਖੇਤੀ ਨੀਤੀ ਮੋਰਚੇ ਦੇ ਚੌਥੇ ਦਿਨ ਜਿੱਥੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਾਫਲੇ ਵੱਡੀ ਗਿਣਤੀ ‘ਚ ਪਹੁੰਚੇ ਉਥੇ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ), ਸਾਬਕਾ ਸੈਨਿਕਾਂ ਅਤੇ ਚੰਨੋ ਫੈਕਟਰੀ ਦੇ ਮਜ਼ਦੂਰ ਮੁਲਾਜ਼ਮਾਂ ਦੇ ਹਿਮਾਇਤੀ ਜੱਥੇ ਮੋਰਚੇ ‘ਚ ਸ਼ਾਮਲ ਹੋਏ। ਦੂਜੇ ਪਾਸੇ ਰੈਗੂਲਰ ਅਤੇ ਠੇਕਾ ਮੁਲਾਜ਼ਮਾਂ ਦੀਆਂ ਲੱਗਭਗ ਇੱਕ ਦਰਜਨ ਜਥੇਬੰਦੀਆਂ ਵੱਲੋਂ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਮੋਰਚੇ ਦੇ ਹੱਕ ‘ਚ ਪੰਜਾਬ ਭਰ ਵਿੱਚ ਜ਼ਿਲ੍ਹਾ ਤੇ ਤਹਿਸੀਲ ਕੇਂਦਰਾਂ ਦਫ਼ਤਰਾਂ ਅੱਗੇ ਰੈਲੀਆਂ ਕਰਨ ਉਪਰੰਤ ਸ਼ਹਿਰਾਂ ‘ਚ ਮੁਜ਼ਾਹਰੇ ਕੀਤੇ ਗਏ। ਕੱਲ੍ਹ ਸ਼ਾਮ ਤੋਂ ਚੰਡੀਗੜ੍ਹ ‘ਚ ਬਰਸਾਤ ਦੇ ਬਾਵਜੂਦ ਅੱਜ ਵੀ ਮੋਰਚੇ ‘ਚ ਭਾਰੀ ਉਤਸ਼ਾਹ ਤੇ ਇਕੱਠ ਦੇਖਣ ਨੂੰ ਮਿਲਿਆ। ਖੇਤੀ ਨੀਤੀ ਮੋਰਚੇ ‘ਚ ਜੁੜੇ ਇਕੱਠ ਨੂੰ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਸਿਰੜ੍ਹ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਗੁਰਬਖਸ਼ ਸਿੰਘ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ,ਜਮਹੂਰੀ ਅਧਿਕਾਰ ਸਭਾ ਇਕਾਈ ਚੰਡੀਗੜ੍ਹ ਦੇ ਆਗੂ ਮਨਪ੍ਰੀਤ ਜਸ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਆਗੂ ਗੁਰਪ੍ਰੀਤ ਸਿੰਘ, ਚੰਨੋ ਫੈਕਟਰੀ ਦੇ ਆਗੂ ਹਰਿੰਦਰ ਸਿੰਘ,ਨੇ ਸੰਬੋਧਨ ਕਰਦਿਆਂ ਆਪਣੀਆਂ ਜਥੇਬੰਦੀਆਂ ਵੱਲੋਂ ਇਸ ਮੋਰਚੇ ਨੂੰ ਡਟਵੀਂ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਬੀਕੇਯੂ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ,ਸੂਬਾਈ ਆਗੂ ਝੰਡਾ ਸਿੰਘ ਜੇਠੂਕੇ, ਰੂਪ ਸਿੰਘ ਛੰਨਾ, ਜਨਕ ਸਿੰਘ ਭੁਟਾਲ ,ਸ਼ਿੰਗਾਰਾ ਸਿੰਘ ਮਾਨ,ਜਗਤਾਰ ਸਿੰਘ ਕਾਲਾਝਾੜ, ਮਹਿਲਾ ਕਿਸਾਨ ਆਗੂ ਕੁਲਦੀਪ ਕੌਰ ਕੁੱਸਾ, ਹਰਿੰਦਰ ਬਿੰਦੂ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਹਰਮੇਸ਼ ਮਾਲੜੀ, ਗੁਰਪਾਲ ਸਿੰਘ ਨੰਗਲ ਨੇ ਸੰਬੋਧਨ ਕੀਤਾ। ਕਿਸਾਨ ਮਜ਼ਦੂਰ ਬੁਲਾਰਿਆਂ ਨੇ ਵਿਧਾਨ ਸਭਾ ‘ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਬੰਧਤ ਧਿਰਾਂ ਦੀ ਸਲਾਹ ਤੋਂ ਬਾਅਦ ਖੇਤੀ ਨੀਤੀ ਲਾਗੂ ਕਰਨ ਵਾਲੇ ਬਿਆਨ ਨੂੰ ਕਿਸਾਨ ਮਜਦੂਰ ਮੋਰਚੇ ਦੇ ਦਬਾਅ ਦਾ ਸਿੱਟਾ ਕਰਾਰ ਦਿੱਤਾ। ਉਹਨਾਂ ਆਖਿਆ ਕਿ ਖੇਤੀ ਨੀਤੀ ਸਬੰਧੀ ਜਥੇਬੰਦੀਆਂ ਵੱਲੋਂ ਅਤੇ ਖੇਤੀ ਨੀਤੀ ਬਨਾਉਣ ਲਈ ਗਠਿਤ ਕਮੇਟੀ ਵੱਲੋਂ ਪਿਛਲੇ ਵਰ੍ਹੇ ਆਪਣੇ ਲਿਖਤੀ ਸੁਝਾਅ ਸਰਕਾਰ ਨੂੰ ਸੌਂਪਣ ਦੇ ਬਾਵਜੂਦ ਸਬੰਧਤ ਧਿਰਾਂ ਨਾਲ਼ ਚਰਚਾ ਕਰਨ ਰਾਹੀਂ ਮੁੱਖ ਮੰਤਰੀ ਖੇਤੀ ਨੀਤੀ ਲਾਗੂ ਕਰਨ ਤੋਂ ਹੋਰ ਟਾਲਾ ਮਾਰਨਾ ਚਾਹੁੰਦੇ ਹਨ। ਉਹਨਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿਸਾਨੀ ਮਸਲਿਆਂ ਦੇ ਹੱਲ ਲਈ ਕਮੇਟੀ ਗਠਿਤ ਕਰਨ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਆਖਿਆ ਕਿ ਕਮੇਟੀਆਂ ਮਸਲੇ ਹੱਲ ਕਰਨ ਦੀ ਥਾਂ ਇਹਨਾਂ ਨੂੰ ਠੰਢੇ ਬਸਤੇ ‘ਚ ਪਾਉਣ ਦਾ ਸਾਧਨ ਬਣਦੀਆਂ ਹਨ।ਉਹਨਾਂ ਆਖਿਆ ਕਿ ਹੁਣ ਤੱਕ ਦੀਆਂ ਸਰਕਾਰਾਂ ਵੱਲੋਂ ਘੜੀਆਂ ਗਈਆਂ ਖੇਤੀ ਨੀਤੀਆਂ ਰਾਹੀਂ ਖੇਤੀ `ਚੋਂ ਗਰੀਬ ਕਿਸਾਨਾਂ ਨੂੰ ਬਾਹਰ ਕਰਨ, ਖੇਤ ਮਜ਼ਦੂਰਾਂ ਨੂੰ ਭੁੱਖਮਰੀ ਦੇ ਜਬਾੜਿਆਂ ਚ ਹੋਰ ਧੱਕਣ ਵਰਗੀਆਂ ਵਿਉਂਤਾਂ ਤਿਆਗਣ ਦੀ ਲੋੜ ਹੈ। ਉਹਨਾਂ ਆਖਿਆ ਕਿ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਪੇਸ਼ ਖੇਤੀ ਨੀਤੀ ਕਿਸਾਨਾਂ ਮਜ਼ਦੂਰਾਂ ਨੂੰ ਗਰੀਬੀ , ਬੇਰੁਜ਼ਗਾਰੀ ਅਤੇ ਖ਼ੁਦਕੁਸ਼ੀਆਂ ਵਰਗੇ ਕੁਲਹਿਣੇ ਚੱਕਰਵਿਊ ਚੋਂ ਕੱਢਣ ਤੋਂ ਇਲਾਵਾ ਵਾਤਾਵਰਨ ਨੂੰ ਬਚਾਉਣ, ਤੇ ਮਹਿੰਗਾਈ ਨੂੰ ਠੱਲ੍ਹ ਪਾਉਣ ਅਤੇ ਖੇਤੀ ਅਧਾਰਿਤ ਰੁਜ਼ਗਾਰ ਮੁਖੀ ਸਨਅਤਾਂ ਲਾਉਣ ਵਰਗੇ ਕਦਮਾਂ ਰਾਹੀਂ ਸਮੁੱਚੇ ਦੇਸ਼ ਦੇ ਵਿਕਾਸ ਦਾ ਰਾਹ ਖੋਲ੍ਹਣ ਵਾਲੀ ਹੈ। ਉਹਨਾਂ ਐਲਾਨ ਕੀਤਾ ਕਿ ਮੰਗਾਂ ਦੇ ਤਸੱਲੀਬਖ਼ਸ਼ ਨਿਪਟਾਰੇ ਤੱਕ ਮੋਰਚਾ ਜਾਰੀ ਰਹੇਗਾ। ਅਖੀਰ ਵਿਚ ਅਮਨ ਪ੍ਰਵਾਜ਼ ਰਸੂਲਪੁਰ ਦੀ ਅਗਵਾਈ ਹੇਠ ਗੋਦੀ ਮੀਡੀਆ ਝੂਠ ਬੋਲਦਾ ਹੈ ਨਾਟਕ ਦੀ ਪੇਸ਼ਕਾਰੀ ਕੀਤੀ।