ਸ੍ਰੀ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਜਸਵੀਰ ਸਿੰਘ ਰੋਡੇ ਹੀ ਤਖਤ ਸਾਹਿਬ ਦੇ ਜੱਥੇਦਾਰ ਦੀ ਭੂਮਿਕਾ ਤੇ ਸਵਾਲ ਕਰਣ ਤਾਂ ਕੌਮ ਕਿੱਥੋਂ ਲਵੇਗੀ ਸੇਧ: ਸਰਨਾ

ਚੰਡੀਗੜ੍ਹ ਨੈਸ਼ਨਲ ਪੰਜਾਬ

ਸ੍ਰੀ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਜਸਵੀਰ ਸਿੰਘ ਰੋਡੇ ਹੀ ਤਖਤ ਸਾਹਿਬ ਦੇ ਜੱਥੇਦਾਰ ਦੀ ਭੂਮਿਕਾ ਤੇ ਸਵਾਲ ਕਰਣ ਤਾਂ ਕੌਮ ਕਿੱਥੋਂ ਲਵੇਗੀ ਸੇਧ: ਸਰਨਾ

ਨਵੀਂ ਦਿੱਲੀ ,3 ਸਤੰਬਰ ,ਬੋਲੇ ਪੰਜਾਬ ਬਿਊਰੋ :

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਜੋ ਕਿ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਤੀਜੇ ਵੀ ਹਨ ਤੇ ਇਸੇ ਕਾਰਨ ਪੰਥ ਵਿੱਚ ਸਦਾ ਉਹਨਾਂ ਨੂੰ ਮਾਣ ਮਿਲਦਾ ਰਿਹਾ । ਉਹਨਾਂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਕਥਾ ਕਰਦਿਆਂ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਅਤੇ ਪੰਥ ਦੀਆਂ ਹੋਰ ਸਤਿਕਾਰਤ ਸੰਸਥਾਵਾਂ ਉੱਪਰ ਕਈ ਤਰ੍ਹਾਂ ਦੇ ਤਨਜ਼ ਕੱਸਦਿਆਂ ਸਵਾਲ ਉਠਾਏ ਗਏ । ਜੋ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਰਹਿ ਚੁੱਕਿਆ ਹੋਵੇ ਉਹ ਹੁਣ ਆਪ ਹੀ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਤੇ ਸਵਾਲ ਕਰੇ ਤਾਂ ਕੌਮ ਸੇਧ ਕਿੱਥੋਂ ਲਵੇਗੀ ?

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਇਸਦੇ ਨਾਲ ਹੀ ਪੰਥ ਦੀ ਸਿਰਮੌਰ ਸੰਸਥਾਵਾਂ ਨੂੰ ਕਟਿਹਰੇ ‘ਚ ਖੜਾ ਕਰਨ ਵੇਲੇ ਭਾਈ ਰੋਡੇ ਕੋਲੋ ਦਿੱਲੀ ਕਮੇਟੀ ਨੂੰ ਕੋਈ ਨਸੀਹਤ ਕਿਉਂ ਨਾ ਦਿੱਤੀ ਗਈ । ਜੋ ਨਿੱਤ ਦਿਨ ਸਿੱਖ ਰਹਿਤ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਾਦਰ ਕਰ ਰਹੀ ਹੈ । ਭਾਈ ਰੋਡੇ ਨੇ ਦਿੱਲੀ ਕਮੇਟੀ ਨੂੰ ਇਸ ਜਿਮੇਵਾਰੀ ਦਾ ਅਹਿਸਾਸ ਕਿਉਂ ਨਾ ਕਰਵਾਇਆ ਕਿ ਦਿੱਲੀ ਵਿੱਚ ਸ੍ਰੀ ਸਾਹਿਬ ਪਹਿਨੇ ਹੋਣ ਕਾਰਨ ਕਿਸਾਨਾਂ ਆਗੂਆਂ ਨੂੰ ਰੋਕਣ ਵੇਲੇ ਉਹਨਾਂ ਕੋਲ ਪਹੁੰਚਣਾ ਦਿੱਲੀ ਕਮੇਟੀ ਦਾ ਇਖਲਾਕੀ ਫਰਜ਼ ਸੀ । ਭਾਈ ਰੋਡੇ ਇਹ ਸਵਾਲ ਕਿਉਂ ਨਾ ਕਰ ਸਕੇ ਕਿ ਦਿੱਲੀ ਕਮੇਟੀ ਦਿੱਲੀ ਅੰਦਰ ਪੰਥਕ ਸੰਸਥਾਵਾਂ ਨੂੰ ਬਰਬਾਦ ਕਿਉਂ ਕਰ ਰਹੀ ਹੈ ? ਕੀ ਭਾਈ ਰੋਡੇ ਸਿਰਫ ਹੋਰਾਂ ਨੂੰ ਹੀ ਨੈਤਿਕਤਾ ਦਾ ਪਾਠ ਪੜਾਉਣਾ ਚਾਹੁੰਦੇ ਹਨ ਜਾਂ ਫੇਰ ਉਹਨਾਂ ਵਿੱਚ ਜੁਰਅਤ ਨਹੀ ਕਿ ਉਹ ਭਾਜਪਾ ਦੀ ਖੁੱਲੀ ਸ਼ਹਿ ਤੇ ਚੱਲ ਰਹੀ ਦਿੱਲੀ ਕਮੇਟੀ ਬਾਰੇ ਵੀ ਕੁਝ ਬੋਲ ਸਕਣ ।
ਭਾਈ ਜਸਵੀਰ ਸਿੰਘ ਰੋਡੇ ਦੀ ਕਾਰਗੁਜ਼ਾਰੀ ਬਾਰੇ ਸੂਹੀਆ ਏਜੰਸੀਆਂ ਦੇ ਅਫਸਰ ਐਮ.ਕੇ.ਧਰ ਨੇ ਆਪਣੀ ਬਹੁ- ਚਰਤਿਤ ਕਿਤਾਬ ‘ਖੁੱਲ੍ਹੇ ਭੇਦ’ ਅੰਦਰ ਬਹੁਤ ਹੀ ਹੈਰਾਨੀ ਜਨਕ ਖੁਲਾਸੇ ਕਰਦਿਆਂ ਅਹਿਮ ਸਵਾਲ ਅੱਜ ਤੋਂ ਕਿੰਨੇ ਹੀ ਸਾਲ ਪਹਿਲਾਂ ਉਠਾਏ ਸਨ । ਉਹਨਾਂ ਸਵਾਲਾਂ ਦੇ ਜਵਾਬ ਜਾਂ ਇਤਿਹਾਸ ਵਿੱਚ ਆਪਣੀ ਭੂਮਿਕਾ ਬਾਰੇ ਭਾਈ ਰੋਡੇ ਨੇ ਅੱਜ ਤੱਕ ਸਪੱਸ਼ਟ ਨਹੀ ਕੀਤਾ । ਪਰ ਉਹ ਉਪਦੇਸ਼ ਸਿੰਘ ਸਾਹਿਬਾਨਾਂ ਨੂੰ ਇਤਿਹਾਸ ਵਿੱਚ ਉਹਨਾਂ ਦੀ ਭੂਮਿਕਾ ਬਾਰੇ ਦੇ ਰਹੇ ਹਨ ।
ਭਾਈ ਜਸਵੀਰ ਸਿੰਘ ਰੋਡੇ ਦੱਸਣ ਕਿ ਉਸ ਕਿਤਾਬ ‘ਚ ਉਹਨਾਂ ਦੀ ਭੂਮਿਕਾ ਬਾਰੇ ਜੋ ਲਿਖਿਆ ਹੈ ਉਸ ਵਿਸ਼ੇ ਉੱਪਰ ਕਿਸੇ ਪੰਥਕ ਸਟੇਜ ਤੋਂ ਕਦੋਂ ਬੋਲਣਗੇ ਜਾਂ ਫੇਰ ਉਹ ਜਿੰਮੇਵਾਰੀ ਕਿਸੇ ਹੋਰ ਨੂੰ ਨਿਭਾਉਣੀ ਪਵੇਗੀ ?

Leave a Reply

Your email address will not be published. Required fields are marked *