ਪਟਿਆਲਾ ਅਤੇ ਮੁਹਾਲੀ ਦੇ ਵਸਨੀਕਾਂ ਨਾਲ 18 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ PU ਦੀ ਪ੍ਰੋਫੈਸਰ ਗ੍ਰਿਫਤਾਰ
ਮੋਹਾਲੀ, 3 ਸਤੰਬਰ,ਬੋਲੇ ਪੰਜਾਬ ਬਿਊਰੋ :
ਮੁੱਲਾਂਪੁਰ ਪੁਲਿਸ ਨੇ ਆਖ਼ਰ ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੀ ਪ੍ਰੋਫੈਸਰ ਮੋਨੀਵਾ ਸਰਕਾਰ ਨੂੰ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਖ਼ਬਰ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਮੋਨੀਵਾ ਸਰਕਾਰ ਨੂੰ ਯੂਨੀਵਰਸਿਟੀ ਦੇ ਸੈਕਟਰ 14 ਕੈਂਪਸ ‘ਚੋਂ ਗ੍ਰਿਫ਼ਤਾਰ ਕੀਤਾ।
ਦੱਸ ਦੇਈਏ ਕਿ ਮਾਰਚ ਮਹੀਨੇ ਵਿਚ ਮੁੱਲਾਂਪੁਰ ਥਾਣੇ ‘ਚ ਮੋਨੀਵਾ ਸਰਕਾਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ। ਉਦੋਂ ਤੋਂ ਉਹ ਪੁਲਿਸ ਦੀ ਗ੍ਰਿਫ਼ਤ ਵਿਚ ਨਹੀਂ ਆ ਰਹੀ ਸੀ। ਦੱਸਣਯੋਗ ਹੈ ਕਿ ਮੋਨੀਵਾ ਸਰਕਾਰ ਨੇ ਮੁੱਲਾਂਪੁਰ ਦੀ ਲੋਕ ਹਾਊਸਿੰਗ ਸੁਸਾਇਟੀ ‘ਚ ਆਪਣਾ ਫਲੈਟ ਵੇਚਣ ਦੇ ਨਾਂ ‘ਤੇ ਪਟਿਆਲਾ ਅਤੇ ਮੁਹਾਲੀ ਦੇ ਵਸਨੀਕਾਂ ਨਾਲ 18 ਲੱਖ ਰੁਪਏ ਦੀ ਠੱਗੀ ਮਾਰੀ ਸੀ।
ਧੋਖਾਧੜੀ ਦਾ ਸ਼ਿਕਾਰ ਹੋਏ ਮੁਹਾਲੀ ਨਿਵਾਸੀ ਨੀਰਜ ਗੁਪਤਾ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤ ਪਟਿਆਲਾ ਨਿਵਾਸੀ ਅੰਕੁਸ਼ ਸਿੰਗਲਾ ਨਾਲ ਮਿਲ ਕੇ ਮੋਨੀਵਾ ਸਰਕਾਰ ਨਾਲ ਫਲੈਟ ਦਾ ਸੌਦਾ ਕੀਤਾ ਸੀ। ਇਹ ਸੌਦਾ 1.20 ਕਰੋੜ ਰੁਪਏ ਵਿੱਚ ਤੈਅ ਹੋਇਆ ਸੀ। 21 ਸਤੰਬਰ 2023 ਨੂੰ ਮੋਨੀਵਾ ਸਰਕਾਰ ਨੂੰ 18 ਲੱਖ ਰੁਪਏ ਦਿੱਤੇ ਗਏ ਸਨ। ਰਜਿਸਟਰੀ ਦੀ ਤਰੀਕ 5 ਦਸੰਬਰ 2023 ਤੈਅ ਕੀਤੀ ਗਈ ਸੀ ਪਰ ਇਸ ਤੋਂ ਪਹਿਲਾਂ ਹੀ ਮੋਨੀਵਾ ਸਰਕਾਰ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਬਾਅਦ ਵਿਚ ਨੀਰਜ ਗੁਪਤਾ ਅਤੇ ਅੰਕੁਸ਼ ਸਿੰਗਲਾ ਨੂੰ ਪਤਾ ਲੱਗਾ ਕਿ ਮੋਨੀਵਾ ਸਰਕਾਰ ਨੇ ਫਲੈਟ ਕਿਸੇ ਹੋਰ ਨੂੰ ਵੇਚ ਦਿੱਤਾ ਹੈ, ਜਿਸ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਫਲੈਟ ਤੇ 92 ਲੱਖ ਰੁਪਏ ਦਾ ਕਰਜ਼ਾ ਸੀ।
ਧੋਖਾਧੜੀ ਤੋਂ ਬਾਅਦ ਨੀਰਜ ਗੁਪਤਾ ਅਤੇ ਅੰਕੁਸ਼ ਸਿੰਗਲਾ ਨੇ ਥਾਣਾ ਮੁੱਲਾਂਪੁਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਆਧਾਰ ਤੇ ਪੁਲਿਸ ਨੇ ਮਾਰਚ ਮਹੀਨੇ ਮਾਮਲਾ ਦਰਜ ਕੀਤਾ ਸੀ।