ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ “ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ” ਦੇ ਬੈਨਰ ਥੱਲੇ ਦਾਣਾ ਮੰਡੀ ਸੈਕਟਰ 39 ਚੰਡੀਗੜ੍ਹ ਰੈਲੀ ਅੱਜ , ਪੰਜਾਬ ਵਿਧਾਨ ਸਭਾ ਵੱਲ ਕਰਨਗੇ ਕੂਚ, ਤਿਆਰੀਆਂ ਮੁਕੰਮਲ – ਸਾਂਝਾ ਫਰੰਟ
ਚੰਡੀਗੜ੍ਹ 02 ਸਤੰਬਰ ,ਬੋਲੇ ਪੰਜਾਬ ਬਿਊਰੋ :
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਆਗੂਆਂ ਸਤੀਸ਼ ਰਾਣਾ, ਜਰਮਨਜੀਤ ਸਿੰਘ, ਰਣਜੀਤ ਸਿੰਘ ਰਾਣਵਾ,ਕਰਮ ਸਿੰਘ ਧਨੋਆ, ਭਜਨ ਸਿੰਘ ਗਿੱਲ, ਸਵਿੰਦਰ ਪਾਲ ਸਿੰਘ ਮੋਲੋਵਾਲੀ , ਰਤਨ ਸਿੰਘ ਮਜਾਰੀ, ਗੁਰਪ੍ਰੀਤ ਸਿੰਘ ਗੰਡੀਵਿੰਡ , ਗਗਨਦੀਪ ਸਿੰਘ ਭੁੱਲਰ, ਐਨ.ਕੇ. ਕਲਸੀ, ਸੁਖਦੇਵ ਸਿੰਘ ਸੈਣੀ, ਬਾਜ ਸਿੰਘ ਖਹਿਰਾ, ਰਾਧੇ ਸ਼ਾਮ, ਜਸਵੀਰ ਤਲਵਾੜਾ, ਸੁਖਜੀਤ ਸਿੰਘ, ਜਗਦੀਸ਼ ਸਿੰਘ ਚਾਹਲ , ਬੋਬਿੰਦਰ ਸਿੰਘ , ਦਿਗਵਿਜੇ ਪਾਲ ਸ਼ਰਮਾ ਅਤੇ ਕਰਮਜੀਤ ਸਿੰਘ ਬੀਹਲਾ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ 03 ਸਤੰਬਰ ਨੂੰ ਦਾਣਾ ਮੰਡੀ ਸੈਕਟਰ 39 ਚੰਡੀਗੜ੍ਹ ਵਿਖੇ ਰੈਲੀ ਕਰਨ ਉਪਰੰਤ ਪੰਜਾਬ ਵਿਧਾਨ ਸਭਾ ਵੱਲ ਕੀਤੇ ਜਾਣ ਵਾਲੇ ਮਾਰਚ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਆਗੂਆਂ ਆਖਿਆ ਕਿ ਇਹ ਰੈਲੀ ਅਤੇ ਰੋਸ ਮਾਰਚ ਪੰਜਾਬ ਦੇ 07 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਾਰ ਬਾਰ ਮੀਟਿੰਗਾਂ ਮੁਲਤਵੀ ਕਰਨ ਵਿਰੁੱਧ ਕੀਤਾ ਜਾ ਰਿਹਾ ਹੈ । ਸਾਂਝਾ ਫਰੰਟ ਦੇ ਆਗੂਆਂ ਆਖਿਆ ਕਿ ਇਕ ਪਾਸੇ ਪੰਜਾਬ ਸਰਕਾਰ ਵਲੋਂ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭਤੇ ਵਧਾਉਣ ਵਾਸਤੇ ਇੱਕ ਵਿਸ਼ੇਸ਼ ਜਨਰਲ ਪਰਪਜ ਕਮੇਟੀ ਬਣਾ ਲਈ ਗਈ ਹੈ। ਜਿਸ ਸਬੰਧੀ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਸ ਕਮੇਟੀ ਵੱਲੋਂ ਵਿਧਾਇਕ ਦੀ ਤਨਖਾਹ 84 ਹਜ਼ਾਰ ਤੋਂ ਵਧਾ ਕੇ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਕਰਨ ਅਤੇ ਮਿਲ ਰਹੇ ਭਤਿਆਂ ਨੂੰ ਦੁਗਣੇ ਕਰਨ ਦੀਆਂ ਸਿਫਾਰਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਗੱਲ ਨੇ ਇਹ ਕਹਾਵਤ ਸਿੱਧ ਕਰ ਦਿੱਤੀ ਹੈ ਕਿ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ। ਦੂਜੇ ਪਾਸੇ ਮੁਲਾਜ਼ਮਾ ਅਤੇ ਪੈਨਸ਼ਨਰਾਂ ਦੀਆਂ ਤਨਖਾਵਾਂ ਤੇ ਪੈਨਸ਼ਨਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ, ਮਿਲ ਰਹੇ ਭੱਤਿਆਂ ਨੂੰ ਸੋਧਣ ਦੇ ਨਾਂ ਤੇ ਬੰਦ ਕਰਕੇ ਰੱਖ ਦਿੱਤਾ ਗਿਆ ਹੈ ਅਤੇ ਮਹਿਗਾਈ ਭੱਤੇ ਨੂੰ ਕੇਂਦਰ ਨਾਲੋਂ ਡੀ ਲਿੰਕ ਕਰਕੇ ਰੱਖ ਦਿੱਤਾ ਗਿਆ ਹੈ, ਜਿਸ ਕਰਕੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਇਸ ਸਮੇਂ 12 ਪ੍ਰਤੀਸ਼ਤ ਕੇਂਦਰ ਨਾਲੋਂ ਘੱਟ ਮਹਿੰਗਾਈ ਭਤਾ ਲੈ ਰਹੇ ਹਨ ਅਤੇ 238 ਮਹੀਨਿਆਂ ਦਾ ਬਕਾਇਆ ਸਰਕਾਰ ਵੱਲ ਪੈਂਡਿੰਗ ਹੈ। ਸਾਂਝਾ ਫਰੰਟ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਾਰ-ਬਾਰ ਮੀਟਿੰਗਾਂ ਦੇ ਕੇ ਭੱਜਣ ਦੇ ਇਲਜ਼ਾਮ ਵੀ ਲਗਾਏ। ਸਾਂਝਾ ਫਰੰਟ ਦੇ ਉਕਤ ਆਗੂਆਂ ਆਖਿਆ ਕਿ ਇਹ ਰੈਲੀ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਮੁੱਖ ਮੰਗਾਂ ਦਾ ਜ਼ਿਕਰ ਕਰਦਿਆਂ ਆਗੂਆਂ ਮੰਗ ਕੀਤੀ ਕਿ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਪੈਨਸ਼ਨਰਾਂ ਦੀ ਪੈਨਸ਼ਨ ਦੋਹਰਾਈ 2.59 ਗੁਣਾਕ ਨਾਲ ਤੁਰੰਤ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਮਾਣ ਭੱਤਾ / ਇਨਸੈਂਟਿਵ (ਮਿਡ -ਡੇ – ਮੀਲ, ਆਸ਼ਾ, ਆਂਗਣਵਾੜੀ ) ਮੁਲਾਜ਼ਮਾਂ ਨੂੰ ਘੱਟੋ ਘੱਟ ਤਨਖਾਹ ਦੇ ਘੇਰੇ ਵਿੱਚ ਲਿਆਂਦਾ ਜਾਵੇ, ਤਨਖਾਹ ਕਮਿਸ਼ਨ ਦਾ ਬਕਾਇਆ ਜਾਰੀ ਕੀਤਾ ਜਾਵੇ ਅਤੇ ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਜਾਰੀ ਕਰਕੇ ਏਸੀਪੀ ਦਾ ਲਾਭ ਦਿੱਤਾ ਜਾਵੇ, ਮਹਿਗਾਈ ਭੱਤੇ ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ ਜਾਰੀ ਕੀਤੀਆਂ ਜਾਣ ਅਤੇ 238 ਮਹੀਨਿਆਂ ਦਾ ਬਕਾਇਆ ਦਿੱਤਾ ਜਾਵੇ, ਪੇਂਡੂ ਭੱਤਾ , ਤੇਲ ਭੱਤਾ , ਫਿਕਸ ਸਫਰੀ ਭੱਤਾ ਸਮੇਤ ਬੰਦ ਕੀਤੇ ਭੱਤੇ ਤੁਰੰਤ ਬਹਾਲ ਕੀਤੇ ਜਾਣ, ਪ੍ਰੋਵੇਸ਼ਨਲ ਪੀਰੀਅਡ ਇਕ ਸਾਲ ਦਾ ਕੀਤਾ ਜਾਵੇ ਅਤੇ ਇਸ ਸਮੇਂ ਦੌਰਾਨ ਪੂਰੀ ਤਨਖਾਹ ਸਮੇਤ ਸਾਰੇ ਭੱਤੇ ਦਿੱਤੀ ਜਾਵੇ, 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਵੀ ਪੰਜਾਬ ਦੇ ਤਨਖਾਹ ਸਕੇਲ ਦਿੱਤੇ ਜਾਣ, 200 ਰੁਪਏ ਜਜੀਆ ਬੰਦ ਕੀਤਾ ਜਾਵੇ ਅਤੇ ਮੰਗ ਪੱਤਰ ਵਿੱਚ ਦਰਜ ਹੋਰ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ।