ਢਕਾਂਨਸੂ ਕਲਾਂ ਸਕੂਲ ਦੇ 50 ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਵਿੱਦਿਅਕ ਟੂਰ ਕਰਵਾਇਆ
ਰਾਜਪੁਰਾ 1 ਸਤੰਬਰ ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਢਕਾਂਨਸੂ ਕਲਾਂ ਦੀਆਂ ਛੇਵੀਂ, ਸੱਤਵੀਂ ਅਤੇ ਅੱਠਵੀਂ ਦੇ 50 ਹੋਣਹਾਰ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਲਿਜਾਇਆ ਗਿਆ। ਇਸ ਟੂਰ ਦੀ ਅਗਵਾਈ ਮਨਦੀਪ ਸਿੰਘ, ਗੀਤੂ ਚੋਧਰੀ ਅਤੇ ਸੀਮਾ ਸੇਠੀ ਸਾਇੰਸ ਮਿਸਟ੍ਰੈਸ ਨੇ ਕੀਤੀ। ਸਕੂਲ ਹੈੱਡ ਰਾਜੀਵ ਕੁਮਾਰ ਜੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਆਉਣ ਜਾਣ ਲਈ ਸਾਧਨ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਸਾਇੰਸ ਸਿਟੀ ਵਿਖੇ ਥ੍ਰੀ ਡੀ ਲੇਜਰ ਸ਼ੋਅ, ਡਾਇਨਾਸੋਰ ਪਾਰਕ, ਪੁਲਾੜ ਦੇ ਵਾਹਨਾਂ ਦੇ ਮਾਡਲ, ਸਾਇੰਸ ਅਤੇ ਗਣਿਤ ਦੀਆਂ ਧਾਰਨਾਵਾਂ ਦੇ ਮਾਡਲ ਨੇੜੇ ਤੋਂ ਦਿਖਾਏ ਗਏ।
ਵਾਤਾਵਰਨ ਤਬਦੀਲੀ ਥਿਏਟਰ ਵਿੱਚ ਦਿਖਾਈ ਗਈ 20 ਮਿੰਟ ਦੀ ਦਸਤਾਵੇਜ ਫਿਲਮ ਨੇ ਸਾਨੂੰ ਵਾਤਾਵਰਨ ਬਚਾਉਣ ਬਾਰੇ ਜਾਗਰੂਕ ਕੀਤਾ। ਇਸ ਵਿੱਚ ਸਮਾਜ ਵਿੱਚ ਪ੍ਰਦੂਸ਼ਣ ਨਾ ਫੈਲਾਉਣ, ਪੌਦੇ ਲਗਾਉਣ, ਪਾਣੀ ਦੀ ਬੱਚਤ ਕਰਨ, ਵਸਤੂਆਂ ਨੂੰ ਰੀਸਾਈਕਲ ਕਰਕੇ ਵਰਤਣ, ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਕੁਦਰਤ ਨਾਲ ਖਿਲਵਾੜ ਨਾ ਕਰਨ ਲਈ ਪ੍ਰੇਰਿਤ ਕੀਤਾ। ਇਸ ਵਿੱਦਿਅਕ ਟੂਰ ਵਿੱਚ ਅਵਤਾਰ ਸਿੰਘ ਜੀ ਨੇ ਵੀ ਆਪਣਾ ਪੂਰਨ ਸਹਿਯੋਗ ਦਿੱਤਾ।