ਬੀਐਸਐਫ ਦੇ ਬਰਖਾਸਤ ਕਾਂਸਟੇਬਲ ਨੇ ਬੱਚੇ ਨੂੰ ਅਗਵਾ ਕਰਕੇ ਮੰਗੀ ਸੀ ਦੋ ਕਰੋੜ ਦੀ ਫਿਰੌਤੀ, ਪੰਜਾਬ ਪੁਲਿਸ ਨੇ ਕੀਤਾ ਬਰਾਮਦ
ਪਠਾਨਕੋਟ, 31 ਅਗਸਤ,ਬੋਲੇ ਪੰਜਾਬ ਬਿਊਰੋ :
ਪਠਾਨਕੋਟ ਸ਼ਹਿਰ ਦੇ ਸੈਲੀ ਰੋਡ ਸਥਿਤ ਸ਼ਾਹ ਕਾਲੋਨੀ ਤੋਂ ਸ਼ੁੱਕਰਵਾਰ ਦੁਪਹਿਰ ਇੱਕ ਕਾਰ ਵਿੱਚ ਦੋ ਵਿਅਕਤੀਆਂ ਵੱਲੋਂ ਇੱਕ ਬੱਚੇ ਨੂੰ ਅਗਵਾ ਕਰ ਲਿਆ ਗਿਆ। ਜਾਂਦੇ ਸਮੇਂ ਮੁਲਜ਼ਮਾਂ ਨੇ ਇੱਕ ਚਿੱਠੀ ਵੀ ਸੁੱਟ ਦਿੱਤੀ ਜਿਸ ਵਿੱਚ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਸੂਚਨਾ ਮਿਲਦੇ ਹੀ ਪੁਲਸ ਹਰਕਤ ‘ਚ ਆਈ ਅਤੇ ਦੇਰ ਰਾਤ ਬੱਚੇ ਨੂੰ ਲੱਭ ਲਿਆ। ਪੁਲੀਸ ਨੇ ਉਹ ਗੱਡੀ ਵੀ ਬਰਾਮਦ ਕਰ ਲਈ ਹੈ ਜਿਸ ਵਿੱਚ ਅਗਵਾਕਾਰ ਬੱਚੇ ਨੂੰ ਲੈ ਕੇ ਗਏ ਸਨ।
ਪੁਲਿਸ ਨੇ ਇਹ ਸਫਲਤਾ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਇਲਾਕੇ ‘ਚ ਹਾਸਲ ਕੀਤੀ ਹੈ। ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਅਗਵਾ ਕਰਨ ਵਾਲਿਆਂ ਨੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿੱਚੋਂ ਇੱਕ ਬੀਐਸਐਫ ਦਾ ਬਰਖਾਸਤ ਕਾਂਸਟੇਬਲ ਅਮਿਤ ਰਾਣਾ ਵਾਸੀ ਨੂਰਪੁਰ ਹੈ ਅਤੇ ਦੂਜਾ ਉਸ ਦਾ ਸਾਥੀ ਨੌਜਵਾਨ ਸੋਨੀ ਹੈ।