ਪੰਜਾਬ ਦੀ ਇੱਕ ਸਕੂਲੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਦੇ ਮਾਮਲੇ ‘ਚ ਦੋ ਅਧਿਆਪਕਾਵਾਂ ‘ਤੇ ਕੇਸ ਦਰਜ, ਪ੍ਰਿੰਸੀਪਲ ਨੇ ਦਿੱਤਾ ਸਪੱਸਟੀਕਰਨ
ਜਲੰਧਰ, 31 ਅਗਸਤ,ਬੋਲੇ ਪੰਜਾਬ ਬਿਊਰੋ :
ਪੀਏਪੀ, ਜਲੰਧਰ ਦੇ ਅੰਦਰ ਸਥਿਤ ਇੱਕ ਸਕੂਲ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮਹਿਲਾ ਅਧਿਆਪਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ੁੱਕਰਵਾਰ ਨੂੰ ਮਹਿਲਾ ਅਧਿਆਪਕਾਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਤੋਂ ਦੁਖੀ 12ਵੀਂ ਜਮਾਤ ਦੀ ਵਿਦਿਆਰਥਣ ਨੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਪੁਲਿਸ ਨੇ ਸਕੂਲ ਦੀਆਂ ਦੋ ਅਧਿਆਪਕਾਂ ਉਰਵਸ਼ੀ ਅਤੇ ਨੀਤੂ ਗੁਪਤਾ ਦੇ ਖਿਲਾਫ ਧਾਰਾ 108,3, (5) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਦੋਸ਼ ਹੈ ਕਿ ਸਕੂਲ ਦੀ ਫੀਸ ਨੂੰ ਲੈ ਕੇ ਅਧਿਆਪਕਾਵਾਂ ਵੱਲੋਂ ਵਿਦਿਆਰਥੀ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਲੜਕੀ ਬੀਮਾਰੀ ਕਾਰਨ ਸਕੂਲ ਨਹੀਂ ਜਾ ਰਹੀ ਸੀ, ਜਿਸ ਕਾਰਨ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ। ਪੁਲਿਸ ਨੇ ਮ੍ਰਿਤਕ ਵਿਦਿਆਰਥਣ ਦੀ ਮੌਤ ਤੋਂ ਪਹਿਲਾਂ ਉਸਦੀ ਸਹੇਲੀ ਨਾਲ ਹੋਈ ਗੱਲਬਾਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ।
ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਰਸ਼ਮੀ ਵਿੱਜ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਅਧਿਆਪਕਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਵਿਦਿਆਰਥਣ ਬੀਮਾਰੀ ਦੇ ਬਹਾਨੇ ਕਾਫੀ ਸਮੇਂ ਤੋਂ ਸਕੂਲ ਨਹੀਂ ਆ ਰਹੀ ਸੀ, ਜਿਸ ਕਾਰਨ ਅਧਿਆਪਕਾਂ ਨੇ ਉਸ ਦੀ ਮਾਂ ਨੂੰ ਫੋਨ ਕਰ ਕੇ ਸਕੂਲ ਭੇਜਣ ਲਈ ਕਿਹਾ। ਇਸ ਦੇ ਨਾਲ ਹੀ ਵਿਦਿਆਰਥਣ ਨੂੰ ਫੀਸ ਲਈ ਤੰਗ ਕਰਨ ਵਰਗੀ ਕੋਈ ਗੱਲ ਨਹੀਂ ਹੈ ਕਿਊਕਿ ਉਸ ਤੋਂ ਫੀਸ ਨਹੀਂ ਲਈ ਜਾਂਦੀ ਸੀ। ਉਹ 15 ਅਗਸਤ ਤੋਂ ਸਕੂਲ ਨਹੀਂ ਆ ਰਹੀ ਸੀ, ਜਿਸ ਕਰਕੇ ਅਧਿਆਪਕਾਂ ਨੇ ਉਸ ਨੂੰ ਸਕੂਲ ਆਉਣ ਲਈ ਕਿਹਾ ਸੀ। ਪਿਛਲੇ ਸਾਲ ਵੀ ਜਮਾਤ ਵਿੱਚ ਵਿਦਿਆਰਥਣ ਦੀ ਹਾਜ਼ਰੀ ਸਿਰਫ਼ 51 ਫ਼ੀਸਦੀ ਸੀ ਅਤੇ ਇਸ ਵਾਰ ਵੀ ਸਥਿਤੀ ਉਹੀ ਰਹੀ। ਬੋਰਡ ਪ੍ਰੀਖਿਆਵਾਂ ਕਾਰਨ ਵਿਦਿਆਰਥਣ ਡਿਪ੍ਰੈਸ਼ਨ ‘ਚ ਸੀ, ਇਸ ਲਈ ਅਧਿਆਪਕਾਂ ‘ਤੇ ਦੋਸ਼ ਲਗਾਉਣਾ ਗਲਤ ਹੈ।