ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ
ਲੁਧਿਆਣਾ,31, ਅਗਸਤ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਜਿਲਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂਮ ਡਿਪਟੀ ਕਮਿਸ਼ਨਰ ਲੁਧਿਆਣਾ ਰਾਂਹੀਂ ਮੰਗ ਪੱਤਰ ਦਿੱਤਾ ਗਿਆ । ਮੰਗ ਪੱਤਰ ਗੁਰਜਿੰਦਰ ਸਿੰਘ ਜਿਲੵਾ ਮਾਲ ਅਫਸਰ ਲੁਧਿਆਣਾ ਨੇ ਪੑਾਪਤ ਕੀਤਾ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ 2364 ਈਟੀਟੀ ਅਤੇ 5994 ਈਟੀਟੀ ਭਰਤੀਆਂ ਮੁਕੰਮਲ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ ,ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ ਅਤੇ ਬਹੁਤ ਸਾਰੇ ਸਕੂਲਾਂ ਵਿੱਚ ਇੱਕ ਹੀ ਆਧਿਆਪਕ ਜਾਂ ਬਿਨਾਂ ਅਧਿਆਪਕ ਹਨ ।ਪ੍ਰੰਤੂ ਸਿੱਖਿਆ ਵਿਭਾਗ ਵੱਲੋਂ 2364 ਈਟੀਟੀ ਭਰਤੀ ਦੀ ਮੈਰਿਟ ਲਿਸਟ ਜਾਰੀ ਹੋਣ ਦੇ ਬਾਵਜੂਦ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾ ਰਹੇ ਹਨ। 5994 ਈਟੀਟੀ ਭਰਤੀ ਦੀ ਪ੍ਰਕਿਰਿਆ ਵੀ ਲੰਬੇ ਸਮੇਂ ਤੋਂ ਵੱਖ-ਵੱਖ ਅੜਿੱਕੇ ਖੜੇ ਕਰਕੇ ਮੁਕੰਮਲ ਨਹੀਂ ਕੀਤੀ ਜਾ ਰਹੀ ਹੈ। ਇਸ ਸੰਕਟ ਵਿੱਚੋਂ ਇਹਨਾਂ ਅਧਿਆਪਕਾਂ ਵੱਲੋਂ ਆਪਣੀਂ ਭਰਤੀ ਮੁਕੰਮਲ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਤਹਿਤ 2364 ਈਟੀਟੀ ਦੀ ਭਰਤੀ ਪੂਰੀ ਕਰਵਾਉਣ ਲਈ ਸਿਖਿਆ ਭਵਨ ਮੋਹਾਲੀ ਅੱਗੇ 20 ਅਗਸਤ 2024 ਤੋਂ ਅਨਮਿਥਿਆ ਧਰਨਾ ਚੱਲ ਰਿਹਾ ਹੈ ਅਤੇ 5994 ਈਟੀਟੀ ਭਰਤੀ ਪੂਰੀ ਕਰਵਾਉਣ ਲਈ 24 ਅਗਸਤ ਤੋਂ ਲਗਾਤਾਰ ਸਿੱਖਿਆ ਮੰਤਰੀ ਜੀ ਦੇ ਪਿੰਡ ਗੰਭੀਰਪੁਰ ( ਅਨੰਦਪੁਰ ਸਾਹਿਬ ) ਰਿਹਾਇਸ਼ ਦੇ ਨੇੜੇ ਧਰਨਾ ਲੱਗਿਆ ਹੋਇਆ ਹੈ। ਇਹਦਾ ਆਗੂਆਂ ਨੇ ਮੁੱਖ ਮੰਤਰੀ ਤੋਂ ਜੋਰਦਾਰ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਭਾਰਤੀਆਂ ਅਤੇ ਹੋਰ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ। ਇਸ ਮੌਕੇ ਵਰਿੰਦਰ ਸਿੰਘ , ਹਰਿੰਦਰ ਕੁਮਾਰ, ਜਸਵਿੰਦਰ ਸਿੰਘ ,ਹਰਦੀਪ ਸਿੰਘ, ਅੰਮ੍ਰਿਤਪਾਲ ਸਿੰਘ ,ਬਲਵੀਰ ਸਿੰਘ ਬਾਸੀਆ ਅਤੇ ਜ਼ਿਲ੍ਹਾ ਸਕੱਤਰ ਰੁਪਿੰਦਰ ਪਾਲ ਗਿੱਲ ਅਤੇ ਡੀ.ਐਮ.ਐਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ ਵੀ ਹਾਜ਼ਰ ਸਨ।