ਪਹਿਲਵਾਨ ਵਿਨੇਸ਼ ਫੋਗਾਟ ਦੇ ਸ਼ੰਭੂ ਬਾਰਡਰ ਪਹੁੰਚਣ ਤੇ , ਕਿਸਾਨਾਂ ਨੇ ਕੀਤਾ ਸਨਮਾਨ
ਸ਼ੰਭੂ, 31 ਅਗਸਤ, ਬੋਲੇ ਪੰਜਾਬ ਬਿਊਰੋ:
ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੀ ਗਈ ਪਹਿਲਵਾਨ ਵਿਨੇਸ਼ ਫੋਗਾਟ ਅੱਜ ਸ਼ਨੀਵਾਰ ਨੂੰ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ‘ਚ ਪਹੁੰਚੀ। ਇੱਥੇ ਕਿਸਾਨ ਆਗੂਆਂ ਨੇ ਮੰਚ ’ਤੇ ਉਨ੍ਹਾਂ ਦਾ ਸਨਮਾਨ ਕੀਤਾ। ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ ‘ਤੇ ਇੱਥੇ ਇੱਕ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਵਿਨੇਸ਼ ਫੋਗਾਟ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਬੈਠੇ ਹੋਏ 200 ਦਿਨ ਹੋ ਗਏ ਹਨ ਪਰ ਜੋਸ਼ ਪਹਿਲੇ ਦਿਨ ਵਾਂਗ ਹੀ ਹੈ। ਤੁਹਾਡੀ ਬੇਟੀ ਤੁਹਾਡੇ ਨਾਲ ਹੈ। ਮੈਂ ਸਰਕਾਰ ਨੂੰ ਕਹਿੰਦੀ ਹਾਂ ਕਿ ਦੇਸ਼ ਦੇ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹਨ ਤਾਂ ਹਰ ਵਾਰ ਇਹ ਸਿਆਸੀ ਨਹੀਂ ਹੁੰਦਾ। ਇਸ ਨੂੰ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ।
ਵਿਨੇਸ਼ ਨੇ ਅੱਗੇ ਕਿਹਾ, “ਮੈਂ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕਰਦੀ ਹਾਂ।” ਸਰਕਾਰ ਨੇ ਪਿਛਲੀ ਵਾਰ ਆਪਣੀ ਗਲਤੀ ਮੰਨ ਲਈ ਸੀ। ਉਸ ਨੂੰ ਆਪਣੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਇਸ ਨੂੰ ਹੱਲ ਕਰਨਾ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।