ਕੰਗਨਾ ਨੂੰ ਜਬਰ ਜਨਾਹ ਦਾ ਤਜਰਬਾ-ਸਿਮਰਨਜੀਤ ਸਿੰਘ ਮਾਨ
ਚੰਡੀਗੜ੍ਹ, 29 ਅਗਸਤ ,ਬੋਲੇ ਪੰਜਾਬ ਬਿਊਰੋ :
ਫਿਲਮੀ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਚਲ ਰਹੇ ਵਿਵਾਦ ਵਿਚਕਾਰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕੰਗਨਾ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਮਾਨ ਨੇ ਵੀਰਵਾਰ ਨੂੰ ਕਰਨਾਲ ਵਿਚ ਇਕ ਸਮਾਗਮ ’ਚ ਹਿੱਸਾ ਲੈਂਦਿਆ ਕਿਹਾ ਕਿ ਕੰਗਨਾ ਰਣੌਤ ਨੂੰ ਜਬਰ ਜਨਾਹ ਦਾ ਅਨੁਭਵ ਹੈ, ਉਸਤੋਂ ਪੁੱਛ ਸਕਦੇ ਹੋ ਕਿ ਜਬਰ ਜਨਾਹ ਕਿਵੇਂ ਹੁੰਦਾ ਹੈ।
ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਅਗਲੇ ਹਫ਼ਤੇ ਸਿਨੇਮਾ ਘਰਾਂ ’ਚ ਆ ਰਹੀ ਹੈ। ਜਿਸਨੂੰ ਲੈ ਕੇ ਸਿੱਖ ਭਾਈਚਾਰੇ ਦੇ ਲੋਕ ਵਿਰੋਧ ਕਰ ਰਹੇ ਹਨ। ਸਿੱਖ ਭਾਈਚਾਰੇ ਦਾ ਦੋਸ਼ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਕਰਨਾਲ ਵਿਚ ਸਿਮਰਨਜੀਤ ਸਿੰਘ ਮਾਨ ਤੋਂ ਪੁੱਛਿਆ ਗਿਆ ਕਿ ਕੰਗਨਾ ਨੇ ਬਿਆਨ ਦਿੱਤਾ ਸੀ ਕਿ ਜੇਕਰ ਕੇਂਦਰ ਵਿਚ ਭਾਜਪਾ ਦੀ ਸਰਕਾਰ ਨਾ ਹੁੰਦੀ ਤਾਂ ਕਿਸਾਨ ਅੰਦੋਲਨ ਦੇ ਸਮੇਂ ਪੰਜਾਬ ਦਾ ਉਹੀ ਹਾਲ ਹੋਣਾ ਸੀ ਜੋ ਬੰਗਲਾਦੇਸ਼ ਦਾ ਹੋਇਆ ਹੈ। ਇਸਦੇ ਜਵਾਬ ਵਿਚ ਮਾਨ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਜਬਰ ਜਨਾਹ ਦਾ ਬਹੁਤ ਤਜੁਰਬਾ ਹੈ। ਉਸਤੋਂ ਅੱਗੇ ਪੁੱਛ ਸਕਦੇ ਹੋ ਕਿ ਜਬਰ ਜਨਾਹ ਕਿਵੇਂ ਹੁੰਦਾ ਹੈ ਅਤੇ ਲੋਕਾਂ ਨੂੰ ਸਮਝਾਇਆ ਜਾਵੇ। ਮਾਨ ਨੇ ਕਿਹਾ ਕਿ ਜਿਵੇਂ ਤੁਸੀਂ ਸਾਈਕਲ ਚਲਾਉਂਦੇ ਹੋ ਤਾਂ ਤੁਹਾਨੂੰ ਸਾਈਕਲ ਚਲਾਉਣ ਦਾ ਤਜੁਰਬਾ ਹੁੰਦਾ ਹੈ। ਇਸੇ ਤਰ੍ਹਾਂ ਉਨ੍ਹਾਂ ਨੂੰ ਜਬਰ ਜਨਾਹ ਦਾ ਤਜੁਰਬਾ ਹੈ।