ਪੰਜਾਬ ‘ਚ ਫਿਰ ਦਿਸੇ ਸ਼ੱਕੀ ਵਿਅਕਤੀ
ਦੀਨਾਨਗਰ, 29 ਅਗਸਤ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿੱਚ ਇੱਕ ਵਾਰ ਫਿਰ 3 ਸ਼ੱਕੀ ਵਿਅਕਤੀਆਂ ਦੇ ਮਿਲਣ ਦੀ ਸੂਚਨਾ ਮਿਲੀ ਹੈ। ਦੱਸਿਆ ਗਿਆ ਹੈ ਕਿ ਸਰਹੱਦੀ ਖੇਤਰ ਦੇ ਤਾਰਾਗੜ੍ਹ ਥਾਣੇ ਦੇ ਪਿੰਡ ਛੋਰੀ ਵਿੱਚ 3 ਸ਼ੱਕੀ ਵਿਅਕਤੀ ਦੇਖੇ ਗਏ ਹਨ। ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ‘ਚ ਭਾਰੀ ਫੋਰਸ ਲਗਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸੁਨੀਲ ਕੁਮਾਰ ਨੇ ਦੱਸਿਆ ਕਿ ਸਾਡੇ ਪਿੰਡ ਦੇ ਬਾਹਰਵਾਰ ਇੱਕ ਮਕਾਨ ਹੈ। ਸਵੇਰੇ ਕਰੀਬ 11 ਵਜੇ ਇਸ ਘਰ ‘ਚ ਇਕ ਔਰਤ ਇਕੱਲੀ ਮੌਜੂਦ ਸੀ। ਘਰ ਦੇ ਮੇਨ ਗੇਟ ਕੋਲ ਜਦੋਂ ਗੇਟ ਖੜਕਾਇਆ ਗਿਆ ਤਾਂ ਉਸ ਨੇ ਗੇਟ ਨਹੀਂ ਖੋਲ੍ਹਿਆ ਅਤੇ ਜਦੋਂ ਉਸ ਨੇ ਛੱਤ ‘ਤੇ ਚੜ੍ਹ ਕੇ ਦੇਖਿਆ ਤਾਂ ਗੇਟ ਕੋਲ 3 ਸ਼ੱਕੀ ਵਿਅਕਤੀ ਖੜ੍ਹੇ ਸਨ ਜੋ ਔਰਤ ਤੋਂ ਕੁਝ ਪੈਸੇ ਮੰਗ ਰਹੇ ਸਨ। ਪਰ ਜਦੋਂ ਉਕਤ ਔਰਤ ਨੇ ਉਕਤ ਸ਼ੱਕੀ ਵਿਅਕਤੀਆਂ ਬਾਰੇ ਪਿੰਡ ਵਾਸੀਆਂ ਨੂੰ ਦੱਸਿਆ ਤਾਂ ਪਿੰਡ ਵਾਸੀ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਇਹ ਸ਼ੱਕੀ ਵਿਅਕਤੀ ਨੇੜਲੇ ਖੇਤਾਂ ‘ਚ ਦਾਖਲ ਹੋ ਗਏ।
ਇਸ ਮੌਕੇ ਸਰਪੰਚ ਸੁਨੀਲ ਕੁਮਾਰ ਨੇ ਦੱਸਿਆ ਕਿ ਔਰਤ ਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਫੌਜ ਦੀ ਵਰਦੀ ਵਰਗੇ ਕੱਪੜੇ ਪਾਏ ਹੋਏ ਸਨ ਅਤੇ ਇੱਕ ਨੇ ਬਨੈਨ ਅਤੇ ਨਿੱਕਰ ਪਾਏ ਹੋਏ ਸਨ। ਉਨ੍ਹਾਂ ਨੇ ਆਪਣੇ ਚਿਹਰੇ ਕਾਲੇ ਕੱਪੜੇ ਨਾਲ ਢੱਕੇ ਹੋਏ ਸਨ ਅਤੇ ਇਕ ਵਿਅਕਤੀ ਦੀ ਪਿੱਠ ‘ਤੇ ਬੈਗ ਸੀ।