ਕਾਂਗਰਸੀ ਯੂਥ ਪ੍ਰਧਾਨ ਦੇ ਘਰ ‘ਤੇ ਗੋਲੀਬਾਰੀ, ਵਿਦੇਸ਼ੀ ਨੰਬਰ ਤੋਂ ਕਾਲ ਆਈ
ਗੁਰਦਾਸਪੁਰ, 29 ਅਗਸਤ,ਬੋਲੇ ਪੰਜਾਬ ਬਿਊਰੋ :
ਗੁਰਦਾਸਪੁਰ ‘ਚ ਬੁੱਧਵਾਰ ਰਾਤ ਨੂੰ ਸਕੂਟਰ ‘ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਸ਼ਹਿਰ ਦੇ ਵਾਰਡ 25 ‘ਚ ਰਹਿਣ ਵਾਲੇ ਕਾਂਗਰਸ ਪਾਰਟੀ ਦੇ ਯੂਥ ਪ੍ਰਧਾਨ ਨਕੁਲ ਮਹਾਜਨ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ। ਘਟਨਾ ਦਾ ਸਵੇਰੇ ਪਤਾ ਲੱਗਾ। ਸੂਚਨਾ ਮਿਲਣ ’ਤੇ ਕਾਂਗਰਸ ਦੇ ਜ਼ਿਲ੍ਹਾ ਯੂਥ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਪੁੱਜੇ।
ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਿਟੀ ਦੀ ਪੁਲਸ ਨੇ ਵੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਕੁਲ ਮਹਾਜਨ ਨੇ ਪੁਲਸ ਨੂੰ ਦੱਸਿਆ ਹੈ ਕਿ ਉਸ ਨੂੰ ਰਾਤ ਨੂੰ ਫੋਨ ‘ਤੇ ਧਮਕੀ ਭਰੀ ਕਾਲ ਵੀ ਆਈ ਸੀ। ਪੁਲਿਸ ਜਾਂਚ ਦੌਰਾਨ ਸਵੇਰੇ 11 ਵਜੇ ਦੇ ਕਰੀਬ ਉਸੇ ਵਿਦੇਸ਼ੀ ਨੰਬਰ ਤੋਂ ਦੁਬਾਰਾ ਕਾਲ ਆਈ। ਉਸ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ, “ਤੁਸੀਂ ਅਜੇ ਵੀ ਜ਼ਿੰਦਾ ਹੋ।”
ਗੋਲੀਬਾਰੀ ਦੀ ਘਟਨਾ ਸੀਸੀਟੀਵੀ ‘ਚ ਵੀ ਕੈਦ ਹੋ ਗਈ ਹੈ, ਜਿਸ ‘ਚ ਨਕਾਬਪੋਸ਼ ਨੌਜਵਾਨ ਘਰ ਦੇ ਗੇਟ ‘ਤੇ ਲਗਾਤਾਰ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ।