ਕਤਰ ਸਰਕਾਰ ਨੇ ਜ਼ਬਤ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਵਾਪਸ ਕੀਤੇ, ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ
ਨਵੀਂ ਦਿੱਲੀ, 29 ਅਗਸਤ,ਬੋਲੇ ਪੰਜਾਬ ਬਿਊਰੋ ;
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਤਰ ਦੇ ਅਧਿਕਾਰੀਆਂ ਵਲੋਂ ਜ਼ਬਤ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਦੋਹਾ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੂੰ ਵਾਪਸ ਕਰ ਦਿਤੇ ਗਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਵੱਲੋਂ ਕਤਰ ਸਰਕਾਰ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ ਅਤੇ ਖਾੜੀ ਖੇਤਰ ਵਿਚ ਰਹਿੰਦੇ ਭਾਰਤੀਆਂ ਨੂੰ ਸਥਾਨਕ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ।
ਜੈਸਵਾਲ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਐਲਾਨ ਕੀਤਾ ਕਿ ਕਤਰ ਦੇ ਅਧਿਕਾਰੀਆਂ ਨੇ ਅੱਜ ਦੋਹਾ ਸਥਿਤ ਸਾਡੇ ਸਫ਼ਾਰਤਖ਼ਾਨੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ (ਦੋ ਸਰੂਪ) ਸੌਂਪ ਦਿਤੇ ਹਨ, ਜੋ ਬਿਨਾਂ ਮਨਜ਼ੂਰੀ ਦੇ ਧਾਰਮਕ ਅਦਾਰਿਆਂ ਨੂੰ ਚਲਾਉਣ ਨਾਲ ਜੁੜੇ ਮਾਮਲੇ ’ਚ ਇਕ ਭਾਰਤੀ ਨਾਗਰਿਕ ਤੋਂ ਲਏ ਗਏ ਸਨ।ਉਨ੍ਹਾਂ ਕਿਹਾ ਕਿ ਅਸੀਂ ਇਸ ਲਈ ਕਤਰ ਸਰਕਾਰ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਨੇ ਕਤਰ ਜਾਂ ਹੋਰ ਦੇਸ਼ਾਂ ’ਚ ਭਾਰਤੀ ਨਾਗਰਿਕਾਂ ਨੂੰ ਸਾਰੇ ਮਾਮਲਿਆਂ ’ਚ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦੀ ਸਾਵਧਾਨੀ ਨਾਲ ਪਾਲਣਾ ਕਰਨ ਦੀ ਲੋੜ ’ਤੇ ਜ਼ੋਰ ਦਿਤਾ।’’