ਨਗਰ ਨਿਗਮ ਦੇ ਅਧਿਕਾਰੀਆਂ ਦੀ ਲਗਾਈ ਕੂੜਾ ਚੁੱਕਣ ਦੀ ਡਿਊਟੀ
ਜਲੰਧਰ, 28 ਅਗਸਤ,ਬੋਲੇ ਪੰਜਾਬ ਬਿਊਰੋ :
ਸ਼ਹਿਰ ‘ਚ ਲਗਾਤਾਰ ਕੂੜਾ ਇਕੱਠਾ ਹੋਣ ਦੇ ਮੱਦੇਨਜ਼ਰ ਨਗਰ ਨਿਗਮ ਕਮਿਸ਼ਨਰ ਨੇ ਸਾਰੀਆਂ ਬ੍ਰਾਂਚਾਂ ਦੇ ਅਧਿਕਾਰੀਆਂ ਨੂੰ ਸਫਾਈ ਦੇ ਕੰਮ ਲਈ ਤਾਇਨਾਤ ਕਰ ਦਿੱਤਾ ਹੈ, ਜਿਸ ਤਹਿਤ ਹੁਣ ਸੀਨੀਅਰ ਅਧਿਕਾਰੀ ਕੂੜਾ ਪ੍ਰਬੰਧਨ ਦੀ ਦੇਖ-ਰੇਖ ਕਰਦੇ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਕਮਿਸ਼ਨਰ ਵੱਲੋਂ ਅੱਜ ਜਾਰੀ ਹਦਾਇਤਾਂ ਵਿੱਚ ਸ਼ਹਿਰ ਦੀਆਂ 28 ਡੰਪ ਸਾਈਟਾਂ ‘ਤੇ ਨਿਗਮ ਦੇ ਕਈ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।
ਜਾਣਕਾਰੀ ਅਨੁਸਾਰ ਹੁਣ ਮਿਊਂਸੀਪਲ ਟਾਊਨ ਪਲਾਨਰ (ਐੱਮ.ਟੀ.ਪੀ.), ਅਸਿਸਟੈਂਟ ਟਾਊਨ ਪਲਾਨਰ (ਏ.ਟੀ.ਪੀ.) ਅਤੇ ਬਿਲਡਿੰਗ ਇੰਸਪੈਕਟਰ ਕੂੜਾ ਇਕੱਠਾ ਕਰਨਗੇ। ਇਸ ਦੇ ਨਾਲ ਹੀ ਕਈ ਇੰਜੀਨੀਅਰਾਂ ਨੂੰ ਵੀ ਇਸ ਡਿਊਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਨਿਗਮ ਕਮਿਸ਼ਨਰ ਐਮ.ਟੀ.ਪੀ., ਏ.ਟੀ.ਪੀ. ਅਤੇ ਸਾਰੇ ਬਰਾਂਚ ਅਫਸਰਾਂ ਸਮੇਤ ਇੰਸਪੈਕਟਰ, ਐਸ.ਈ., ਸੁਪਰਡੈਂਟ, ਐਕਸੀਅਨ, ਐਸ.ਡੀ.ਓ., ਜੇ.ਈ ਦੀ ਡਿਊਟੀ ਕੂੜਾ ਇਕੱਠਾ ਕਰਨ ਲਈ ਲਗਾਈ ਗਈ ਹੈ।