ਫੌਜ ਦੀ ਗੱਡੀ ਨਹਿਰ ‘ਚ ਡਿੱਗਣ ਨਾਲ , ਤਿੰਨ ਜਵਾਨ ਸ਼ਹੀਦ
ਗੁਹਾਟੀ, 28 ਅਗਸਤ,ਬੋਲੇ ਪੰਜਾਬ ਬਿਊਰੋ :
ਅਰੁਣਾਚਲ ਪ੍ਰਦੇਸ਼ ‘ਚ ਚੀਨ ਦੀ ਸਰਹੱਦ ‘ਤੇ ਤਾਪੀ ’ਚ ਭਾਰਤੀ ਫੌਜ ਦਾ ਇਕ ਵਾਹਨ ਮੰਗਲਵਾਰ ਨੂੰ ਅੱਪਰ ਸੁਬਨਸਿਰੀ ਜ਼ਿਲ੍ਹੇ ‘ਚ ਨਹਿਰ ‘ਚ ਡਿੱਗ ਗਿਆ। ਇਹ ਵਾਹਨ ਫੌਜ ਦੀ ਪੂਰਬੀ ਕਮਾਂਡ ਦੇ ਜਵਾਨਾਂ ਨੂੰ ਅਗਲੇ ਮੋਰਚੇ ‘ਤੇ ਲਿਜਾ ਰਿਹਾ ਸੀ। ਇਸ ਹਾਦਸੇ ‘ਚ ਫੌਜ ਦੇ 3 ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 4 ਜਵਾਨ ਗੰਭੀਰ ਜ਼ਖਮੀ ਹੋ ਗਏ।
ਪੂਰਬੀ ਆਰਮੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਆਰਸੀ ਤਿਵਾਰੀ ਨੇ ਬੁੱਧਵਾਰ ਨੂੰ ਇਸ ਹਾਦਸੇ ਵਿੱਚ ਹੌਲਦਾਰ ਨਖਰ ਸਿੰਘ, ਐਨਕੇ ਮੁਕੇਸ਼ ਕੁਮਾਰ ਅਤੇ ਜੀਡੀਆਰ ਆਸ਼ੀਸ਼ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫੌਜ ਦੇ ਸਾਰੇ ਰੈਂਕਾਂ ਨੇ ਅਰੁਣਾਚਲ ਪ੍ਰਦੇਸ਼ ਵਿੱਚ ਡਿਊਟੀ ਦੀ ਲਾਈਨ ਵਿੱਚ ਸਰਵਉੱਚ ਬਲੀਦਾਨ ਦੇਣ ਵਾਲੇ ਤਿੰਨ ਸ਼ਹੀਦਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਭਾਰਤੀ ਫੌਜ ਦੁਖੀ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ।
ਇਹ ਘਟਨਾ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਫੌਜ ਦੇ ਜਵਾਨਾਂ ਨੂੰ ਲਿਜਾ ਰਿਹਾ ਵਾਹਨ ਪਹਾੜੀ ਸੜਕ ਤੋਂ ਨਹਿਰ ਵਿੱਚ ਡਿੱਗ ਗਿਆ। ਸਾਰੇ ਫੌਜੀ ਕਰਮਚਾਰੀ ਭਾਰਤੀ ਫੌਜ ਦੀ ਪੂਰਬੀ ਕਮਾਂਡ ਦਾ ਹਿੱਸਾ ਸਨ। ਈਟਾਨਗਰ ਦੇ ਇਕ ਚੋਟੀ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰ ਜ਼ਖਮੀ ਫੌਜੀ ਜਵਾਨਾਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਚਾਰੋਂ ਜਵਾਨਾਂ ਦਾ ਇਲਾਜ ਚੱਲ ਰਿਹਾ ਹੈ।