ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਪੀਟੀਏ ਅਧਿਆਪਕਾਂ ਅਤੇ ਗੈਸਟ ਫੈਕਲਟੀ ਅਧਿਆਪਕਾਂ ਨੂੰ ਬਹਾਲ ਕਰਕੇ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣ÷ਪੀਟੀਏ ਟੀਚਰ ਐਸੋਸੀਏਸ਼ਨ ਜ਼ਿਲਾ ਮਾਨਸਾ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ
ਮਾਨਸਾ 27 ਅਗਸਤ ,ਬੋਲੇ ਪੰਜਾਬ ਬਿਊਰੋ :
ਅੱਜ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਵਿੱਚ ਪੀਟੀਏ ਸਟਾਫ ਵਜੋਂ ਕੰਮ ਕਰ ਰਹੇ ਅਧਿਆਪਕਾਂ ਅਤੇ ਗੈੱਸਟ ਫੈਕਲਟੀ ਅਧਿਆਪਕਾਂ ਨੂੰ ਕਾਲਜ ਵਿੱਚੋਂ ਬਾਹਰ ਕੀਤੇ ਜਾਣ ਦੇ ਖ਼ਿਲਾਫ਼ ਅਤੇ ਵਿਦਿਆਰਥੀਆਂ ਦੀਆਂ ਕਲਾਸਾਂ ਨਾਂ ਲੱਗਣ ਦੇ ਰੋਸ ਵਜੋਂ ਕਾਲਜ ਦੇ ਗੇਟ ਅੱਗੇ ਰੋਸ ਰੈਲੀ ਕਰਨ ਉਪਰੰਤ ਡੀਸੀ ਦਫ਼ਤਰ ਮਾਨਸਾ ਤੱਕ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕਾਮਰੇਡ ਸੁਰਿੰਦਰਪਾਲ ਸ਼ਰਮਾ,ਪੀਟੀਏ ਟੀਚਰ ਐਸੋਸੀਏਸ਼ਨ ਜ਼ਿਲਾ ਮਾਨਸਾ ਵੱਲੋਂ ਸੰਤੋਸ਼ ਰਾਣੀ,ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਜਸਵੀਰ ਕੌਰ ਨੱਤ,ਬਲਵਿੰਦਰ ਕੌਰ ਖਾਰਾ,ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਕਿ ਆਪਣੇ ਆਪ ਨੂੰ ਲੋਕ ਪੱਖੀ ਅਖਵਾਉਣ ਵਾਲੀ ਇਨਕਲਾਬੀਆਂ ਦੀ ਸਰਕਾਰ ਦੇ ਰਾਜ ਵਿੱਚ ਕਾਂਸਟੀਚੂਐਂਟ ਕਾਲਜਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਪੀਟੀਏ ਅਧਿਆਪਕਾਂ ਅਤੇ ਗੈਸਟ ਫੈਕਲਟੀ ਅਧਿਆਪਕਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦੇ ਕੇਂਦਰੀ ਸਰਕਾਰ ਦੇ ਸਿਆਸੀ ਮਨਸੂਬਿਆਂ ਤੇ ਪਹਿਰਾ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਸੇਵਾਵਾਂ ਦੇ ਲਈ ਨਹੀਂ ਬੁਲਾਇਆ ਜਾ ਰਿਹਾ ਅਤੇ ਬੇਰੁਜ਼ਗਾਰ ਕਰਕੇ ਘਰ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਅਧਿਆਪਕਾਂ ਦੀ ਕਾਲਜ ਵਿੱਚੋਂ ਗ਼ੈਰ ਹਾਜ਼ਰੀ ਦੇ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਅਤੇ ਵਿਦਿਆਰਥੀਆਂ ਦਾ ਭਵਿੱਖ ਅਗਿਆਨਤਾ ਵੱਲ ਧੱਕਿਆ ਜਾ ਰਿਹਾ ਹੈ।ਮੌਜੂਦਾ ਸਰਕਾਰ ਮਾਨਸਾ ਜ਼ਿਲ੍ਹੇ ਅੰਦਰ ਇੱਕੋ ਇੱਕ ਲੜਕੀਆਂ ਦੇ ਸਰਕਾਰੀ ਕਾਲਜ ਅੰਦਰ ਅਧਿਆਪਕਾਂ ਨੂੰ ਨਿਯੁਕਤ ਨਾਂ ਕਰਕੇ ਕਾਲਜ ਨੂੰ ਬੰਦ ਕਰਨ ਦੇ ਰਾਹ ਤੁਰੀ ਹੋਈ ਹੈ।ਸਿੱਖਿਆ ਦੇ ਨਿੱਜੀਕਰਨ ਦੇ ਮੰਤਵ ਦੀ ਪੂਰਤੀ ਲਈ ਵਿੱਦਿਅਕ ਅਦਾਰਿਆਂ ਲਈ ਨਿੱਤ ਨਵੇਂ ਤੁਗਲਕੀ ਫੁਰਮਾਨ ਜਾਰੀ ਕਰ ਰਹੀ ਹੈ ਅਤੇ ਨੌਜ਼ਵਾਨਾਂ ਲਈ ਰੁਜ਼ਗਾਰ ਦੇ ਮੌਕੇ ਖ਼ਤਮ ਕਰਨ ਲਈ ਨੀਤੀਆਂ ਲਾਗੂ ਕਰ ਰਹੀ ਹੈ,ਜਿਸ ਕਾਰਨ ਅੱਜ ਨੌਜਵਾਨੀ ਵਿਦੇਸ਼ਾਂ ਵੱਲ ਨੂੰ ਪਰਵਾਸ ਕਰ ਰਹੀ ਹੈ ਅਤੇ ਦੇਸ਼ ਦੀ ਸਿੱਖਿਆ ਦਾ ਮਿਆਰ ਨਿਘਾਰ ਵੱਲ ਨੂੰ ਜਾ ਰਿਹਾ ਹੈ।ਆਗੂਆਂ ਨੇ ਮੰਗ ਕੀਤੀ ਕਿ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਸਮੇਤ ਸਮੂਹ ਕਾਂਸਟੀਚੂਐਂਟ ਕਾਲਜਾਂ ਵਿੱਚ ਪੀਟੀਏ ਅਤੇ ਗੈਸਟ ਫੈਕਲਟੀ ਅਧਿਆਪਕਾਂ ਨੂੰ ਪ੍ਰਵਾਨਗੀ ਦੇ ਕੇ ਤੁਰੰਤ ਸੇਵਾਵਾਂ ਦੇ ਲਈ ਬਹਾਲ ਕੀਤਾ ਜਾਵੇ,ਅਧਿਆਪਕਾਂ ਦੀਆਂ ਸੇਵਾਵਾਂ ਪੂਰਾ ਸਾਲ( 12 ਮਹੀਨੇ )ਕੀਤੀਆਂ ਜਾਣ,ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਪੱਕੇ ਤੌਰ ਤੇ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਜਾਵੇ,ਕਾਲਜ ਦੇ ਪੀਟੀਏ ਫੰਡ ਦੀ ਵਰਤੋਂ ਕਰਨ ਦਾ ਪੂਰਨ ਅਧਿਕਾਰ ਕਾਲਜ ਪ੍ਰਿੰਸੀਪਲ ਨੂੰ ਦਿੱਤਾ ਜਾਵੇ,ਮੁੱਢਲੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ,ਵਿੱਦਿਅਕ ਅਦਾਰਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ,ਕਾਲਜ ਦੇ ਬਜਟ ਵਿੱਚ ਨਿਰਧਾਰਿਤ ਪੋਸਟ ਤੇ ਹੋਈ ਭਰਤੀ ਵਿੱਚੋਂ ਜੋ ਅਧਿਆਪਕ ਬਦਲੀ ਕਰਵਾ ਕੇ ਜਾਂ ਡੈਪੂਟੇਸ਼ਨ ਤੇ ਹੋਰ ਕਾਲਜਾਂ ਵਿੱਚ ਗਏ ਹਨ, ਉਹਨਾਂ ਨੂੰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਬਜਟ ਵਿੱਚੋਂ ਤਨਖਾਹ ਦੇਣ ਤੇ ਰੋਕ ਲਗਾ ਕੇ ਸੰਬੰਧਿਤ ਕਾਲਜਾਂ ਦੇ ਬਜਟ ਵਿੱਚੋਂ ਤਨਖਾਹ ਦੇਣੀ ਲਾਜ਼ਮੀ ਕੀਤੀ ਜਾਵੇ।
ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਦਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਦੋ ਦਿਨਾਂ ਦੇ ਸਮੇਂ ਦੇ ਅੰਦਰ ਹੱਲ ਨਾਂ ਕੀਤਾ ਗਿਆ ਤਾਂ ਜਥੇਬੰਦੀਆਂ ਵੱਲੋਂ ਮਿਤੀ 29 ਅਗਸਤ ਦਿਨ ਵੀਰਵਾਰ ਨੂੰ ਮੀਟਿੰਗ ਬੁਲਾ ਕੇ ਸੰਘਰਸ਼ ਨੂੰ ਤਿੱਖਾ ਕਰਨ ਲਈ ਯੋਜਨਾਬੰਦੀ ਉਲੀਕੀ ਜਾਵੇਗੀ।ਇਸ ਮੌਕੇ ਪੀਟੀਏ ਟੀਚਰਾਂ ਵੱਲੋਂ ਮੈਡਮ ਰੀਨਾ,ਮੈਡਮ ਸੋਨੀਆ,ਮੋਨੀਕਾ ਰਾਣੀ,ਸੀ ਪੀ ਆਈ ਵੱਲੋਂ ਕਾਮਰੇਡ ਕ੍ਰਿਸ਼ਨ ਸਿੰਘ ਚੌਹਾਨ,ਦਲਿਤ ਜਮਹੂਰੀ ਅਧਿਕਾਰ ਸਭਾ ਵੱਲੋਂ ਐਡਵੋਕੇਟ ਅਜੈਬ ਸਿੰਘ ਗੁਰੂ,ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ, ਜ਼ਿਲਾ ਕਮੇਟੀ ਮੈਂਬਰ ਅਰਸ਼ਦੀਪ ਸਿੰਘ ਖੋਖਰ ਕਲਾਂ,ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਪ੍ਰਧਾਨ ਗਗਨਦੀਪ ਕੌਰ ਮਾਨਸਾ,ਮੀਤ ਪ੍ਰਧਾਨ ਰਾਧਾ,ਸਕੱਤਰ ਗਗਨਦੀਪ ਕੌਰ ਡੇਲੂਆਣਾ,ਸਹਾਇਕ ਸਕੱਤਰ ਨਵਜੋਤ ਕੌਰ ਖੋਖਰ ਖੁਰਦ,ਪ੍ਰੈੱਸ ਸਕੱਤਰ ਮਹਿਕਦੀਪ ਕੌਰ,ਖਜਾਨਚੀ ਹੁਸਨਪ੍ਰੀਤ ਕੌਰ ਵੀ ਹਾਜ਼ਰ ਸਨ।