ਗ੍ਰਾਂਟ ਹੜੱਪਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪੰਚਾਇਤ ਸਕੱਤਰ, ਸਰਪੰਚ ਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਕੇਸ ਦਰਜ
ਚੰਡੀਗੜ੍ਹ, 27 ਅਗਸਤ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿਜੀਲੈਂਸ ਬਿਊਰੋ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੇਂਦਰ ਤੋਂ ਪ੍ਰਾਪਤ 1,20,000 ਰੁਪਏ ਦੀ ਗ੍ਰਾਂਟ ਨੂੰ ਹੜੱਪਣ ਦੇ ਦੋਸ਼ ਹੇਠ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ, ਫਾਜ਼ਿਲਕਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਸੰਤੋਖ ਸਿੰਘ, ਪਿੰਡ ਸੈਦੇ ਕੇ ਹਿਠਾੜ, ਜ਼ਿਲ੍ਹਾ ਫਾਜ਼ਿਲਕਾ ਦੇ ਸਰਪੰਚ ਮਾਹਲਾ ਸਿੰਘ ਅਤੇ ਇਸੇ ਪਿੰਡ ਦੇ ਇੱਕ ਹੋਰ ਵਿਅਕਤੀ ਮੁਖਤਿਆਰ ਸਿੰਘ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਪ੍ਰਾਪਤ ਸ਼ਿਕਾਇਤ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਉਕਤ ਮੁਲਜ਼ਮ ਮੁਖਤਿਆਰ ਸਿੰਘ ਨੂੰ ਰਾਜ ਸਰਕਾਰ ਵੱਲੋਂ ਆਪਣਾ ਘਰ ਬਣਾਉਣ ਲਈ ਪੰਜ ਮਰਲੇ ਪੰਚਾਇਤੀ ਜ਼ਮੀਨ ਅਲਾਟ ਕੀਤੀ ਗਈ ਸੀ ਜਿਸ ਵਿੱਚ ਉਸਨੇ ਪਹਿਲਾਂ ਹੀ ਇਸ ਪੰਜ ਮਰਲੇ ਦੇ ਪਲਾਟ ਵਿੱਚ ਆਪਣਾ ਮਕਾਨ ਬਣਾਇਆ ਹੋਇਆ ਸੀ ਪਰ ਅਜਿਹਾ ਹੋਣ ਦੇ ਬਾਵਜੂਦ ਵੀ ਉਸਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗੈਰ-ਕਾਨੂੰਨੀ ਢੰਗ ਨਾਲ 1,20,000 ਰੁਪਏ ਦੀ ਰਕਮ ਪ੍ਰਾਪਤ ਕੀਤੀ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਸਰਪੰਚ ਮਾਹਲਾ ਸਿੰਘ ਅਤੇ ਪੰਚਾਇਤ ਸਕੱਤਰ ਸੰਤੋਖ ਸਿੰਘ ਨੇ ਇਹ ਪਤਾ ਹੋਣ ਦੇ ਬਾਵਜੂਦ ਕਿ ਪਿੰਡ ਵਿੱਚ ਮੁਖਤਿਆਰ ਸਿੰਘ ਦਾ ਆਪਣਾ ਪੱਕਾ ਘਰ ਹੈ, ਆਪਸੀ ਮਿਲੀਭੁਗਤ ਨਾਲ ਉਕਤ ਨਾਜਾਇਜ਼ ਲਾਭਪਾਤਰੀ ਮੁਖਤਿਆਰ ਸਿੰਘ ਦਾ ਸਵੈ-ਘੋਸ਼ਣਾ ਪੱਤਰ ਤਸਦੀਕ ਕਰਕੇ ਉਸ ਨੂੰ ਉਕਤ ਸਕੀਮ ਹੇਠ ਯੋਗ ਕਰਾਰ ਦਿੱਤਾ।
ਵਧੇਰੇ ਜਾਣਕਾਰੀ ਦਿੰਦੇ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਇਸ ਜਾਂਚ ਦੇ ਆਧਾਰ ‘ਤੇ ਉਪਰੋਕਤ ਸਾਰੇ ਮੁਲਜ਼ਮਾਂ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)ਏ ਤੇ 13(2) ਅਤੇ ਆਈ.ਪੀ.ਸੀ ਦੀ ਧਾਰਾ 409, 467, 468, 471, 120-ਬੀ ਤਹਿਤ ਮੁਕੱਮਦਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।