ਦਲਿਤ ਅਧਿਕਾਰ ਸਭਾ ਵਲੋਂ ਦੇਸ ਰਾਜ ਛਾਜਲੀ ਰਚਿਤ ‘ਕਿੱਸਾ ਮੌਜੋ’ ਬਾਰੇ ਗੋਸ਼ਟੀ

ਚੰਡੀਗੜ੍ਹ ਪੰਜਾਬ

ਦਲਿਤ ਅਧਿਕਾਰ ਸਭਾ ਵਲੋਂ ਦੇਸ ਰਾਜ ਛਾਜਲੀ ਰਚਿਤ ‘ਕਿੱਸਾ ਮੌਜੋ’ ਬਾਰੇ ਗੋਸ਼ਟੀ

ਮਾਨਸਾ, 27 ਅਗਸਤ ,ਬੋਲੇ ਪੰਜਾਬ ਬਿਊਰੋ :

ਦਲਿਤ ਮਨੁੱਖੀ ਅਧਿਕਾਰ ਸਭਾ, ਪੰਜਾਬ ਵੱਲੋਂ ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਮਾਸਟਰ ਦੇਸ ਰਾਜ ਛਾਜਲੀ ਵੱਲੋਂ ਲਿਖੇ ਕਿੱਸੇ “ਕਿੱਸਾ ਮੌਜੋ” ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ। ਗੋਸ਼ਟੀ ਪ੍ਰੋ਼਼ ਜਤਿੰਦਰ ਸਿੰਘ, ਬਹਾਲ ਸਿੰਘ, ਜਸਬੀਰ ਕੌਰ ਨੱਤ, ਗੁਰਪ੍ਰੀਤ ਸਿੰਘ ਰੂੜੇਕੇ ਦੀ ਪ੍ਰਧਾਨਗੀ ਹੇਠ ਹੋਈ।
ਗੋਸ਼ਟੀ ਦਾ ਆਰੰਭ ਸਭਾ ਦੇ ਆਗੂ ਬਹਾਲ ਸਿੰਘ ਬੇਨੜਾ ਵਲੋਂ “ਕਿੱਸਾ ਮੌਜੋ : ਕੰਮੀਆਂ ਦੀ ਘੜੰਮ ਚੌਧਰੀਆਂ ਨਾਲ ਟੱਕਰ” ਦੇ ਪਿਛੋਕੜ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਕਿ ਕਹਿਣ ਨੂੰ ਬੇਸ਼ਕ ਅੱਜ ਅਸੀਂ 21ਵੀਂ ਸਦੀ ਵਿੱਚ ਰਹਿ ਰਹੇ ਹਾਂ, ਪਰ ਪੰਜਾਬ ਦੇ ਪਿੰਡਾਂ ਵਿੱਚ ਅਜੇ ਵੀ ਦਲਿਤ ਗਰੀਬ ਜਾਤੀ ਵਿਤਕਰੇ ਤੇ ਦਾਬੇ ਹੇਠ ਜ਼ਿੰਦਗੀ ਬਸਰ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਜਾਤੀ ਦਾਬੇ ਅਤੇ ਵਿਤਕਰੇ ਦੀ ਜਿਉਂਦੀ ਜਾਗਦੀ ਤਸਵੀਰ ਮੌਜੋ ਕਲਾਂ ਵਿੱਚ ਸਪਸ਼ਟ ਦੇਖੀ ਗਈ ਜਿੱਥੇ ਇੱਕ ਦਲਿਤ ਪਰਿਵਾਰ ਨੂੰ ਪਿਛਲੇ 40 ਸਾਲਾਂ ਤੋਂ ਪਿੰਡ ਦੇ ਅਖ਼ੌਤੀ ਉੱਚੀ ਜਾਤ ਵਾਲਿਆਂ ਨੇ ਗਲੀ ਵਿੱਚ ਇੱਕ ਗੇਟ ਤੱਕ ਨਹੀਂ ਖੋਲਣ ਦਿੱਤਾ ਸੀ ਤੇ ਪਰਿਵਾਰ ਵੱਲੋਂ ਗੇਟ ਖੁਲਵਾਉਣ ਦੀ ਜੱਦੋ- ਜਹਿਦ ਵਿੱਚ ਉਹਨਾਂ ਦੀਆਂ ਤਿੰਨ ਪੀੜੀਆਂ ਲੰਘ ਗਈਆਂ। ਉਨਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਸਧਾਰਨ ਕਿਸਾਨ ਵੀ ਜਾਤ-ਪਾਤ ਵਾਲੀ ਮਾਨਸਿਕਤਾ ਤੋਂ ਮੁਕਤ ਨਹੀਂ, ਕਿਉਂਕਿ ਮੌਜੋ ਕਲਾਂ ਵਿੱਚ ਮੇਵਾ ਸਿੰਘ ਨੂੰ ਗੇਟ ਖੋਹਲਣ ਤੋਂ ਰੋਕਣ ਵਾਲੇ ਸਾਰੇ ਦੋ-ਦੋ, ਚਾਰ-ਚਾਰ ਕਿੱਲਿਆਂ ਵਾਲੇ ਆਮ ਕਿਸਾਨ ਹੀ ਸੀ ਨਾ ਕੇ ਕੋਈ ਵੱਡੇ ਜਗੀਰਦਾਰ ਜਾਂ ਪੇਂਡੂ ਧਨਾਢ। ਜਦੋਂ ਕਿ ਪੰਜਾਬ ਦੀਆਂ ਕਮਿਊਨਿਸਟ ਧਿਰਾਂ ਦੀ ਆਮ ਸਮਝ ਰਹੀ ਹੈ ਕਿ ਜਾਤ ਪਾਤ ਦੇ ਸਵਾਲ ਉਸਾਰੀ ਢਾਂਚੇ ਦਾ ਹਿੱਸਾ ਹਨ ਅਤੇ ਇਹ ਇਨਕਲਾਬ ਤੋਂ ਬਾਅਦ ਹੀ ਸਥਾਈ ਤੌਰ’ਤੇ ਹੱਲ ਹੋ ਸਕਣਗੇ।


ਮੁੱਖ ਬੁਲਾਰੇ ਦੇ ਤੌਰ ਤੇ ਪਹੁੰਚੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫ਼ੈਸਰ ਜਤਿੰਦਰ ਸਿੰਘ ਸ਼ਾਮਿਲ ਹੋਏ। ਉਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਭਾਰਤ ਵਿੱਚ ਜਮਾਤ ਦੇ ਨਾਲ-ਨਾਲ ਜਾਤ ਦਾ ਸਵਾਲ ਵੀ ਬਹੁਤ ਅਹਿਮ ਸਵਾਲ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਇੱਹ ਸਭਾ ਬਣੀ ਹੈ ਸਭਾ ਦੇ ਨਾਮ ਦੇ ਅੱਗੇ “ਦਲਿਤ” ਸ਼ਬਦ ਲਾਇਆ ਇਹ ਆਪਣੇ ਆਪ ਦੇ ਵਿੱਚ ਇੱਕ ਨਿਵੇਕਲਾ ਕਦਮ ਹੈ, ਇਸ ਪਲੇਟਫਾਰਮ ਤੋਂ ਖੜ੍ਹ ਕੇ ਜਾਤੀ ਆਧਾਰ ‘ਤੇ ਹੁੰਦੇ ਵਿਤਕਰੇ ਅਤੇ ਦਾਬੇ ਖਿਲਾਫ ਬੇਬਾਕੀ ਨਾਲ ਗੱਲ ਰੱਖੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਾਤ-ਪਾਤ ਦਾ ਹੱਲ ਕੋਈ ਅੱਜ ਜਾਂ ਕੱਲ੍ਹ ਨਹੀਂ ਹੋਣ ਵਾਲਾ, ਇਸ ਤੇ ਸਦੀਆਂ ਵੀ ਲੱਗ ਸਕਦੀਆਂ ਪਰ ਸਾਨੂੰ ਲਗਾਤਾਰ ਇਸ ਸਵਾਲ ਨੂੰ ਸੰਬੋਧਨ ਹੁੰਦੇ ਰਹਿਣਾ ਪਵੇਗਾ। ਉਨਾਂ ਕਿਹਾ ਕਿ ਜਾਤ-ਪਾਤ ਦੇ ਖਾਤਮੇ ਲਈ ਕੁਦਰਤੀ ਸਾਧਨਾਂ ਦੀ ਕਾਣੀ ਵੰਡ ਖਤਮ ਕਰਨੀ ਪਵੇਗੀ। ਕਿਉਂ ਕਿ ਸਾਧਨ ਕੁਦਰਤ ਦੀ ਦੇਣ ਹਨ ਇਸ ਲਈ ਇੰਨਾਂ ਉਤੇ ਸਾਰੇ ਇਨਸਾਨਾਂ ਦਾ ਬਰਾਬਰ ਦਾ ਹੱਕ ਹੋਣਾ ਚਾਹੀਂਦਾ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ ਰਾਖਵੇਂਕਰਨ ਸਬੰਧੀ ਫੈਸਲੇ ‘ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਇਹ ਫੈਸਲਾ ਬਹੁਤ ਗਲਤ ਹੈ, ਕ੍ਰਿਮਿਲੇਅਰ ਦਾ ਫਜ਼ੂਲ ਵਿੱਚ ਰੌਲਾ ਪਾਇਆ ਜਾ ਰਿਹਾ ਹੈ ਕਿਉੰ ਕਿ ਜਦੋਂ ਅਜੇ ਤੱਕ ਦਲਿਤਾਂ ਦੀ ਕ੍ਰਿਮਿਲੇਅਰ ਅਜੇ ਵੀ ਓਹਨਾਂ ਅਹੁਦਿਆਂ ਉਤੇ ਪਹੁੰਚੀ ਹੀ ਨਹੀਂ, ਜਿੱਥੇ ਨੀਤੀਆਂ ਬਣਦੀਆਂ। ਇਸ ਕਰਕੇ ਇਹ ਫੈਸਲਾ ਦਲਿਤਾਂ ਨੂੰ ਮੁੜ ਸਧਾਰਨ ਨੌਕਰੀਆਂ ਤੱਕ ਹੀ ਸੀਮਤ ਕਰ ਦੇਵੇਗਾ। ਓਹਨਾਂ ਕਿਹਾ ਕਿ ਸਭ ਤੋਂ ਅਹਿਮ ਹੈ ਪੂਰੇ ਭਾਰਤ ਵਿੱਚ ਜਾਤੀ ਅਧਾਰ ‘ਤੇ ਸਮਾਜਿਕ ਅਤੇ ਆਰਥਿਕ ਜਨਗਣਨਾ ਹੋਣ ਤੋਂ ਬਾਅਦ ਹਾਸਿਲ ਡਾਟੇ ਦੇ ਹਿਸਾਬ ਨਾਲ ਸਭ ਨੂੰ ਬਣਦੀ ਪ੍ਰਤੀਨਿਧਤਾ ਦਿੱਤੀ ਜਾਵੇ ਤਾਂ ਕਿ ਕੋਈ ਵੀ ਤਬਕਾ ਪਿੱਛੇ ਨਾ ਰਹੇ।


ਕਿੱਸਾਕਾਰ ਮਾਸਟਰ ਦੇਸਰਾਜ ਛਾਜਲੀ ਨੇ ਕਿਹਾ ਕਿ ਇਹ ਕਿੱਸਾ ਦਲਿਤਾਂ ਦੇ ਕਿਸੇ ਅੰਦੋਲਨ ਬਾਰੇ ਅਜਿਹੀ ਪਹਿਲੀ ਮੁਕੰਮਲ ਰਚਨਾ ਹੈ ਅਤੇ ਇਸ ਬਾਰੇ ਗੋਸ਼ਟੀ ਕਰਵਾਉਣ ਲਈ ਉਹ ਦਲਿਤ ਮਨੁੱਖੀ ਅਧਿਕਾਰ ਸਭਾ ਦੇ ਦਿਲੋਂ ਧੰਨਵਾਦੀ ਹਨ। ਗੋਸ਼ਟੀ ਦਾ ਸੰਚਾਲਨ ਸਭਾ ਦੇ ਆਗੂ ਮਾਸਟਰ ਪਰਮਿੰਦਰ ਸਿੰਘ ਨੇ ਕੀਤਾ। ਐਡਵੋਕੇਟ ਅਜਾਇਬ ਸਿੰਘ ਗੁਰੂ ਦਾ ਕਹਿਣਾ ਸੀ ਕਿ “ਦਲਿਤ ਮਨੁੱਖੀ ਅਧਿਕਾਰ ਸਭਾ” ਦਾ ਬੀਜ ਪੰਜਾਬ ਦੀਆਂ ਕਮਿਊਨਿਸਟ ਧਿਰਾਂ ਤੇ ਕਿਸਾਨ ਜਥੇਬੰਦੀਆਂ ਨੇ ਦਿੱਲੀ ਮੋਰਚੇ ਦੌਰਾਨ ਹੀ ਬੀਜ ਦਿੱਤਾ ਸੀ, ਕਿਉੰ ਕੇ ਇਹ ਧਿਰਾਂ ਇਹ ਪ੍ਰਚਾਰ ਤਾਂ ਕਰਦੀਆਂ ਰਹੀਆਂ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨ ਕਿਸਾਨਾਂ ਨਾਲੋਂ ਮਜ਼ਦੂਰਾਂ ਲਈ ਜਿਆਦਾ ਘਾਤਕ ਸਾਬਤ ਹੋਣਗੇ ਪਰ “ਸੰਯੁਕਤ ਕਿਸਾਨ ਮਜ਼ਦੂਰ ਮੋਰਚਾ” ਬਣਾਉਣ ਦੀ ਬਜਾਏ ਸਿਰਫ “ਸੰਯੁਕਤ ਕਿਸਾਨ ਮੋਰਚਾ” ਬਣਾ ਕੇ ਮਜ਼ਦੂਰ ਜਥੇਬੰਦੀਆਂ ਨੂੰ ਇਸ ਮੋਰਚੇ ‘ਚੋਂ ਲਗਭਗ ਬਾਹਰ ਹੀ ਰੱਖਿਆ। ਇਸ ਤੋਂ ਇਲਾਵਾ ਪੰਜਾਬ ਵਿੱਚ ਝੋਨੇ ਦੇ ਲਵਾਈ ਦੇ ਰੇਟ ਅਤੇ ਦਿਹਾੜੀ ਦੇ ਰੇਟ ਨੂੰ ਲੈ ਕੇ ਪਿੰਡਾਂ ਵਿੱਚ ਪੈਂਦੇ ਅਕਸਰ ਰੌਲਿਆਂ ਤੇ ਅਖੌਤੀ ਉੱਚ ਜਾਤੀਆਂ ਵੱਲੋਂ ਦਲਿਤਾਂ ਦੇ ਕੀਤੇ ਜਾਂਦੇ ਸਮਾਜਿਕ ਬਾਈਕਾਟ ‘ਤੇ ਪੰਜਾਬ ਦੀਆਂ ਕਈ ਇਨਕਲਾਬੀ ਧਿਰਾਂ ਅਕਸਰ “ਕਿਸਾਨ ਮਜਦੂਰ ਏਕਤਾ” ਜਾਂ “ਭਾਈਚਾਰਕ ਸਾਂਝ” ਦੇ ਨਾਹਰੇ ਹੇਠ ਦੀ ਪੰਜਾਬ ਦੇ ਦਲਿਤ ਮਜ਼ਦੂਰਾਂ ਦੇ ਹੱਕਾਂ ਦੀ ਬਲੀ ਚਾੜ੍ਹ ਦਿੰਦੇ ਹਨ।
ਗੋਸ਼ਟੀ ਵਿੱਚ ਕਾਮਰੇਡ ਨਛੱਤਰ ਸਿੰਘ ਖੀਵਾ, ਲਿਬਰੇਸ਼ਨ ਆਗੂ ਰਾਜਵਿੰਦਰ ਸਿੰਘ ਰਾਣਾ, ਸੁਰਿੰਦਰਪਾਲ ਸ਼ਰਮਾ, ਸੁਖਦਰਸ਼ਨ ਨੱਤ, ਜਸਵੰਤ ਸਿੰਘ, ਡਾ਼ ਸੁਰਿੰਦਰ ਸਿੰਘ,
ਮਾਸਟਰ ਚਮਕੌਰ ਸਿੰਘ, ਮਾਸਟਰ ਰੋਮੀ, ਮਾਸਟਰ ਜਸਵੀਰ ਸਿੰਘ, ਹੰਸਾ ਸਿੰਘ ਡੇਲੂਆਣਾ, ਸੰਗਰੂਰ ਤੋਂ ਮਾਸਟਰ ਗੁਰਸੇਵਕ ਸਿੰਘ,
ਹਰਭਗਵਾਨ ਭੀਖੀ, ਦਲਿਤ ਅਤੇ ਮਜਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਜਗਰਾਜ ਟੱਲੇਵਾਲ, ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਮਾਸਟਰ ਰਾਜਵਿੰਦਰ ਮੀਰ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਭੋਲਾ ਸਿੰਘ ਸਮਾਓ, ਆਇਸਾ ਦੇ ਸੂਬਾ ਪ੍ਰਧਾਨ ਸੁਖਜੀਤ ਰਾਮਾਂਨੰਦੀ, ਐਡਵੋਕੇਟ ਅਮਰਜੀਤ ਸਿੰਘ, ਡੀ.ਐਸ.ਓ ਪੰਜਾਬ ਤੋਂ ਜਸਵਿੰਦਰ ਬਠੂਹਾ, ਦੋਧੀ ਡੇਅਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੱਤਪਾਲ ਦੋਧੀ, ਇਨਕਲਾਬੀ ਗੀਤਕਾਰ ਅਜਮੇਰ ਅਕਲੀਆ ਅਤੇ ਗੁਰਮੀਤ ਜੱਜ ਤੋਂ ਇਲਾਵਾ ਉੱਘੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਪਵਿੱਤਰ ਪਾਪੀ ਹੀਰਕੇ ਸ਼ਾਮਿਲ ਰਹੇ।

Leave a Reply

Your email address will not be published. Required fields are marked *