ਡਿੰਪੀ ਢਿਲੋਂ ਦੇ ਆਕਾਲੀ ਦਲ ਛੱਡਣ ਤੋਂ ਬਾਅਦ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧੀਆਂ

ਚੰਡੀਗੜ੍ਹ ਪੰਜਾਬ

ਡਿੰਪੀ ਢਿਲੋਂ ਦੇ ਆਕਾਲੀ ਦਲ ਛੱਡਣ ਤੋਂ ਬਾਅਦ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧੀਆਂ

ਗਿੱਦੜਬਾਹਾ 27 ਅਗਸਤ ,ਬੋਲੇ ਪੰਜਾਬ ਬਿਊਰੋ :

ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਡਿੰਪੀ ਢਿਲੋਂ ਦੇ ਆਕਾਲੀ ਦਲ ਛੱਡਣ ਤੋਂ ਬਾਅਦ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਿਚ ਵਾਧਾ ਹੋਇਆ ਹੈ, ਪਰ ਉਹਨਾਂ ਸੁਖਬੀਰ ਉਤੇ ਮਨਪ੍ਰੀਤ ਬਾਦਲ ਨੂੰ ਪਾਰਟੀ ਵਿਚ ਸ਼ਾਮਲ ਕਰਵਾਉਣ ਦਾ ਦੋਸ਼ ਲਾ ਕੇ ਅਕਾਲੀ ਦਲ ਛੱਡ ਦਿੱਤਾ ਹੈ।

ਸਿਆਸੀ ਹਲਕਿਆਂ ਵਿਚ ਅਟਕਲਾਂ ਹਨ ਕਿ ਡਿੰਪੀ ਢਿਲੋਂ 28 ਅਗਸਤ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਬੁਧਵਾਰ ਨੂੰ ਹਰਦੀਪ ਸਿੰਘ ਡਿੰਪੀ ਢਿਲੋਂ ਨੂੰ ਆਪ ਵਿਚ ਸ਼ਾਮਲ ਕਰਵਾਉਣਗੇ। ਡਿੰਪੀ ਢਿਲੋਂ ਦੇ ਹਲਕਾ ਗਿੱਦੜਬਾਹਾ ਤੋਂ ਆਪ ਦੇ ਉਮੀਦਵਾਰ ਹੋਣ ਦੀ ਸੰਭਾਵਨਾਂ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਰਦੀਪ ਢਿਲੋਂ ਨੇ ਚੰਗੀਆਂ ਵੋਟਾਂ ਲਈਆ ਸਨ ਅਤੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਬਹੁਤ ਥੋੜੀਆਂ ਵੋਟਾਂ ਦੇ ਅੰਤਰ ਨਾਲ ਹਾਰੇ ਸਨ।

ਬਾਦਲ ਨੇ ਹਰਦੀਪ ਢਿਲੋਂ ਨੂੰ ਦਸ ਦਿਨਾਂ ਦਾ ਸਮਾਂ ਦਿੱਤਾ ਹੈ, ਅਤੇ ਮਨਪ੍ਰੀਤ ਬਾਦਲ ਨਾਲ ਪਿਛਲੇ ਕਈ ਮਹੀਨਿਆਂ ਤੋਂ ਰਾਬਤਾ ਨਾ ਹੋਣ ਦੀ ਗੱਲ ਕਹੀ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਹਨਾਂ ਲਈ ਪਾਰਟੀ ਪਹਿਲਾਂ ਹੈ ਅਤੇ ਮਨਪ੍ਰੀਤ ਨੂੰ ਪਾਰਟੀ ਵਿਚ ਸ਼ਾਮਲ ਨਾ ਕਰਨ ਦੀ ਗੱਲ ਕਹੀ ਹੈ। ਮਨਪ੍ਰੀਤ ਬਾਦਲ ਨੇ ਵੀ ਭਾਜਪਾ ਨਾ ਛੱਡਣ ਦੀ ਗੱਲ ਕਹੀ ਹੈ। ਮਨਪ੍ਰੀਤ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਨਿਰਾ ਅਫ਼ਵਾਹ ਦੱਸਿਆ ਹੈ।

ਸੁਖਬੀਰ ਬਾਦਲ ਲਈ ਚਿੰਤਾਂ ਵਾਲੀ ਗੱਲ ਹੈ ਕਿ ਪਾਰਟੀ ਵਿਚ ਪਹਿਲਾਂ ਹੀ ਖਾਨਾਜੰਗੀ ਚੱਲ ਰਹੀ ਹੈ। ਪਾਰਟੀ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਸੁਰਜੀਤ ਸਿੰਘ ਰੱਖੜਾ ਦੇ ਪਾਰਟੀ ਛੱਡਣ ਕਾਰਨ ਪਟਿਆਲਾ ਤੇ ਸੰਗਰੂਰ ਜਿਲੇ ਵਿਚ ਅਕਾਲੀ ਦਲ ਲਈ ਵੱਡਾ ਝਟਕਾ ਹੈ. ਇਸੀ ਤਰਾਂ ਦੁਆਬੇ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ ਤੇ ਡਾ ਸੁਖਵਿੰਦਰ ਸੁੱਖੀ ਨੇ ਪਾਰਟੀ ਤੋ ਕਿਨਾਰਾ ਕਰ ਲਿਆ ਹੈ, ਜਿਸ ਕਰਕੇ ਦੁਆਬੇ ਵਿਚ ਵੀ ਪਾਰਟੀ ਨੂੰ ਝਟਕਾ ਲੱਗਿਆ ਹੈ। ਮੁਕਤਸਰ ਜਿਲੇ ਵਿਚ ਹਰਦੀਪ ਢਿਲੋਂ ਬਾਦਲ ਦੇ ਕਾਫ਼ੀ ਨਜ਼ਦੀਕ ਦੱਸੇ ਜਾਂਦੇ ਸਨ, ਪਰ ਜੇਕਰ ਢਿਲੋਂ ਭਵਿੱਖ ਵਿਚ ਜ਼ਿਮਨੀ ਚੋਣ ਕਿਸੇ ਹੋਰ ਪਾਰਟੀ ਤੋਂ ਚੋਣ ਲੜਦੇ ਹਨ ਤਾਂ ਬਾਦਲ ਲਈ ਆਪਣੇ ਹੀ ਗੜ੍ਹ ਵਿਚ ਮੁੜ ਉਭਰਨਾ ਔਖਾ ਹੋ ਜਾਵੇਗਾ। ਕਿਆਸਰਾਈਆ ਲਾ ਰਹੀਆਂ ਸਨ ਕਿ ਗਿੱਦੜਬਾਹਾ ਹਲਕੇ ਤੋ ਸੁਖਬੀਰ ਬਾਦਲ ਖੁਦ ਚੋਣ ਲੜਨਗੇ, ਪਰ ਹੁਣ ਜੋ ਹਾਲਾਤ ਬਣ ਗਏ ਹਨ, ਉਸ ਅਨੁਸਾਰ ਸੁਖਬੀਰ ਬਾਦਲ ਹੁਣ ਜ਼ਿਮਨੀ ਚੋਣ ਲੜਨ ਦੀ ਗਲਤੀ ਨਹੀਂ ਕਰਨਗੇ।

Leave a Reply

Your email address will not be published. Required fields are marked *