ਕਨੇਡਾ ਸਰਕਾਰ ਆਰਜੀ ਕਾਮਿਆਂ ਦੀ ਗਿਣਤੀ ਵਿੱਚ ਕਰੇਗੀ ਵੱਡੀ ਕਟੌਤੀ ਪੰਜਾਬੀਆਂ ਨੂੰ ਹੋਵੇਗਾ ਨੁਕਸਾਨ
ਕੈਨੇਡਾ 27 ਅਗਸਤ ,ਬੋਲੇ ਪੰਜਾਬ ਬਿਊਰੋ :
ਕਨੇਡਾ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। ਜਿਸ ਦਾ ਸਿੱਧਾ ਅਸਰ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਉੱਪਰ ਪਵੇਗਾ। ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਸੀਂ ਕਨੇਡਾ ਵਿੱਚ ਆਰਜੀ ਕਾਮਿਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਕਰਾਂਗੇ। ਸਾਡੇ ਦੇਸ਼ ਵਿੱਚ ਲੋਕਲ ਪੱਧਰ ਤੇ ਬੇਰੁਜ਼ਗਾਰੀ ਵਧ ਰਹੀ ਹੈ ਜਿਸ ਕਾਰਨ ਲੋਕਲ ਨੌਜਵਾਨਾਂ ਨੂੰ ਤੇ ਕਨੇਡਾ ਦੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਇਸ ਲਈ ਅਸੀਂ ਵਿਦੇਸ਼ੀ ਆਰਜੀ ਕਾਮਿਆਂ ਦੀ ਗਿਣਤੀ ਘਟਾ ਰਹੇ ਹਾਂ। ਹੁਣ ਸਾਨੂੰ ਬਾਹਰੋਂ ਕਾਮੇ ਮੰਗਾਉਣ ਦੀ ਲੋੜ ਨਹੀਂ ਸਾਡੇ ਲੋਕਲ ਨੌਜਵਾਨਾਂ ਨੂੰ ਕੰਮ ਮਿਲੇ ਇਹ ਯਕੀਨੀ ਬਣਾਉਣ ਦੀ ਮੁੱਖ ਲੋੜ ਹੈ। ਜਿਸ ਲਈ ਇਹ ਫੈਸਲਾ ਕੀਤਾ ਗਿਆ ਹੈ। ਘੱਟ ਤਨਖਾਹ ਤੇ ਕੰਮ ਕਰਨ ਵਾਲੇ ਆਰਜੀ ਕਾਮਿਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸਬੰਧ ਵਿੱਚ ਟਵੀਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਧਰ ਪਤਾ ਲੱਗਿਆ ਹੈ ਕਿ 26 ਸਤੰਬਰ ਤੋਂ ਇਹ ਫੈਸਲਾ ਲਾਗੂ ਹੋ ਸਕਦਾ ਹੈ ਤੇ ਇਸ ਦਾ ਸਭ ਤੋਂ ਵੱਡਾ ਅਸਰ ਪੰਜਾਬੀਆਂ ਉੱਪਰ ਪੈਣਾ ਹੈ ਕਿਉਂਕਿ ਪੰਜਾਬੀਆਂ ਦੀ ਗਿਣਤੀ ਕਨੇਡਾ ਵਿੱਚ ਦਿਨੋ ਦਿਨ ਵੱਧ ਰਹੀ ਹੈ। ਪਹਿਲਾਂ ਹੀ ਪੰਜਾਬੀ ਨੌਜਵਾਨਾਂ ਨੂੰ ਕਨੇਡਾ ਵਿੱਚ ਰੁਜ਼ਗਾਰ ਨੂੰ ਲੈ ਕੇ ਵੱਡੀ ਸਮੱਸਿਆ ਖੜੀ ਹੋਈ ਹੈ ਤੇ ਉੱਪਰੋਂ ਕਨੇਡਾ ਸਰਕਾਰ ਦਾ ਇਹ ਫੈਸਲਾ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਵੱਡੀ ਸੱਟ ਮਾਰੇਗਾ ਕਿਉਂਕਿ ਘੱਟ ਤਨਖਾਹ ਤੇ ਆਰਜੀ ਕਾਮਿਆਂ ਦੇ ਤੌਰ ਤੇ ਪੰਜਾਬੀ ਲੋਕ ਹੀ ਜਿਆਦਾ ਕੰਮ ਕੈਨੇਡਾ ਵਿੱਚ ਕਰਦੇ ਹਨ।ਕਨੇਡਾ ਸਰਕਾਰ ਦੇ ਇਸ ਫੈਸਲੇ ਦਾ ਕੀ ਅਸਰ ਹੋਵੇਗਾ ਇਹ ਤਾਂ ਭਵਿੱਖ ਵਿੱਚ ਪਤਾ ਲੱਗੇਗਾ ਫਿਲਹਾਲ ਭਾਰਤੀ ਲੋਕਾਂ ਲਈ ਕਨੇਡਾ ਵਿੱਚ ਕੰਮ ਕਰਨ ਨੂੰ ਲੈ ਕੇ ਇਹ ਵੱਡਾ ਫੈਸਲਾ ਹੈ।