ਪਟਰੌਲ ਪੰਪਾਂ ’ਤੇ ਪੁਲਿਸ ਤਾਇਨਾਤ ਹੋਵੇਗੀ
ਇੰਫਾਲ, 27 ਅਗਸਤ,ਬੋਲੇ ਪੰਜਾਬ ਬਿਊਰੋ :
ਮਨੀਪੁਰ ਦੇ ਮੰਤਰੀ ਐਲ. ਸੁਸਿੰਦਰੋ ਨੇ ਕਿਹਾ ਕਿ ਸੂਬੇ ਦੇ ਪਟਰੌਲ ਪੰਪਾਂ ’ਤੇ ਪੁਲਿਸ ਤਾਇਨਾਤ ਕੀਤੀ ਜਾਵੇਗੀ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਤੇਲ ਪ੍ਰਚੂਨ ਵਿਕਰੇਤਾਵਾਂ ਨੂੰ ਚਿਤਾਵਨੀ ਦਿਤੀ ਕਿ ਜੇਕਰ ਉਹ ਸਟਾਕ ਹੋਣ ਦੇ ਬਾਵਜੂਦ ਤੇਲ ਵੇਚਣ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸੂਬੇ ਦੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸੁਸਿੰਦਰੋ ਨੇ ਕਿਹਾ ਕਿ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਲੋਕ ਪਟਰੌਲ ਪੰਪਾਂ ’ਤੇ ਤੇਲ ਭਰਨ ਤੋਂ ਬਾਅਦ ਬਿਨਾਂ ਭੁਗਤਾਨ ਦੇ ਚਲੇ ਗਏ ਹਨ।
ਉਨ੍ਹਾਂ ਕਿਹਾ, ‘‘ਅਜਿਹੀਆਂ ਘਟਨਾਵਾਂ ਕਾਰਨ ਕਈ ਪਟਰੌਲ ਪੰਪਾਂ ਨੇ ਵਿੱਤੀ ਨੁਕਸਾਨ ਕਾਰਨ ਅਪਣੇ ਸ਼ਟਰ ਬੰਦ ਕਰ ਦਿਤੇ ਹਨ।’’ ਉਨ੍ਹਾਂ ਲੋਕਾਂ ਨੂੰ ਜਬਰੀ ਵਸੂਲੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ, ‘‘ਅਸੀਂ ਪਟਰੌਲ ਪੰਪਾਂ ’ਤੇ ਪੁਲਿਸ ਕਰਮਚਾਰੀ ਅਤੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਕਰਮਚਾਰੀ ਤਾਇਨਾਤ ਕਰਾਂਗੇ।’’
ਇੰਫਾਲ ਘਾਟੀ ’ਚ ਕਈ ਪਟਰੌਲ ਪੰਪ ਬੰਦ ਹੋਣ ਨਾਲ ਖੇਤਰ ’ਚ ਤੇਲ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ, ‘‘ਜਿਹੜੇ ਪਟਰੌਲ ਪੰਪ ਸੰਚਾਲਕ ਤੇਲ ਦਾ ਭੰਡਾਰ ਕਰਨ ਦੇ ਬਾਵਜੂਦ ਤੇਲ ਵੇਚਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੁਸਿੰਡਰੋ ਨੇ ਕਿਹਾ ਕਿ ਸੂਬੇ ’ਚ ਕਾਫੀ ਬਾਲਣ ਹੈ।’’