ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜਰਨਲ ਕੌਂਸਲ ਦੀ ਮੀਟਿੰਗ ਮੋਗਾ ਵਿਖੇ 29 ਅਗਸਤ ਨੂੰ
ਬਠਿੰਡਾ, 26 ਅਗਸਤ,ਬੋਲੇ ਪੰਜਾਬ ਬਿਊਰੋ :
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜਰਨਲ ਕੌਂਸਲ ਦੀ ਮੀਟਿੰਗ ਮੋਗਾ ਵਿਖੇ 29 ਅਗਸਤ ਦਿਨ ਵੀਰਵਾਰ ਨੂੰ ਰੱਖੀ ਗਈ ਹੈ । ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਆਂਗਣਵਾੜੀ ਸੈਂਟਰਾਂ ਵਿੱਚ ਆ ਰਿਹਾ ਖਰਾਬ ਰਾਸ਼ਨ, ਆਂਗਣਵਾੜੀ ਕੇਂਦਰਾਂ ਦੇ ਸਕੂਲਾਂ ਵਿੱਚ ਦਾਖਲ ਕੀਤੇ ਗਏ 3 ਤੋਂ 6 ਸਾਲ ਦੇ ਬੱਚੇ ਵਾਪਸ ਲੈਣ, ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿਵਾਉਣ ਅਤੇ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਪੰਜਾਬ ਸਰਕਾਰ ਵੱਲੋਂ ਖਤਮ ਕੀਤੀਆਂ ਗਈਆਂ ਸੇਵਾਵਾਂ ਨੂੰ ਬਹਾਲ ਕਰਵਾਉਣ ਲਈ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ ।
ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਸੂਬਾ ਕਮੇਟੀ ਦੇ ਅਹੁਦੇਦਾਰ , ਜ਼ਿਲ੍ਹਾ ਪ੍ਰਧਾਨ , ਬਲਾਕ ਪ੍ਰਧਾਨ ਅਤੇ ਸਰਕਲ ਪ੍ਰਧਾਨ ਸ਼ਮੂਲੀਅਤ ਕਰਨਗੀਆਂ ।