ਫਿਰੋਜ਼ਪੁਰ ਤੋਂ ਧਨਬਾਦ ਜਾ ਰਹੀ ਕਿਸਾਨ ਐਕਸਪ੍ਰੈਸ ਰੇਲ ਗੱਡੀ ਦੇ 8 ਡੱਬੇ ਇੰਜਣ ਤੋਂ ਵੱਖ ਹੋਏ, ਮਚੀ ਅਫਰਾ-ਤਫਰੀ
ਬਿਜਨੌਰ, 25 ਅਗਸਤ,ਬੋਲੇ ਪੰਜਾਬ ਬਿਊਰੋ :
ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ‘ਚ ਅੱਜ ਫਿਰੋਜ਼ਪੁਰ ਤੋਂ ਧਨਬਾਦ ਜਾ ਰਹੀ ਕਿਸਾਨ ਐਕਸਪ੍ਰੈਸ ਟਰੇਨ ਦੇ 8 ਡੱਬੇ ਇੰਜਣ ਤੋਂ ਵੱਖ ਹੋ ਗਏ ਅਤੇ ਪਿੱਛੇ ਰਹਿ ਗਏ। ਐਡੀਸ਼ਨਲ ਪੁਲਿਸ ਸੁਪਰਡੈਂਟ (ਏਐਸਪੀ) ਧਰਮ ਸਿੰਘ ਮਰਾਚਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਤਕਨੀਕੀ ਖਰਾਬੀ ਕਾਰਨ ਧਨਬਾਦ ਜਾਣ ਵਾਲੀ ਰੇਲਗੱਡੀ ਦੇ 8 ਡੱਬੇ ਇੰਜਣ ਅਤੇ ਹੋਰ ਡੱਬਿਆਂ ਤੋਂ ਵੱਖ ਹੋ ਗਏ। ਉਨ੍ਹਾਂ ਦੱਸਿਆ ਕਿ ਰੇਲਗੱਡੀ ਨੂੰ ਸਿਓਹਾਰਾ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤਾ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਕਿਸੇ ਯਾਤਰੀ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇਹ ਹਾਦਸਾ ਸਵੇਰੇ ਕਰੀਬ 4 ਵਜੇ ਸਿਓਹਾਰਾ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਟਰੇਨ ਏਸੀ ਡੱਬੇ ਦੇ ਕੋਲ ਦੋ ਹਿੱਸਿਆਂ ਵਿੱਚ ਵੰਡੀ ਗਈ। ਇਸ ਕਾਰਨ ਟਰੇਨ ਅੱਗੇ ਵਧ ਗਈ ਅਤੇ ਕਈ ਡੱਬੇ ਪਿੱਛੇ ਰਹਿ ਗਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਰੇਲਵੇ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।