ਫਰਜ਼ੀ ਸੀਆਈਏ ਮੁਲਾਜ਼ਮ ਬਣ ਕੇ ਲੋਕਾਂ ਨੂੰ ਲੁੱਟਣ ਵਾਲਾ ਗ੍ਰਿਫਤਾਰ
ਲੁਧਿਆਣਾ, 25 ਅਗਸਤ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਪੁਲਿਸ ਨੇ ਇੱਕ ਫਰਜ਼ੀ ਸੀਆਈਏ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਖੁਦ ਨੂੰ ਫਰਜੀ ਸੀ.ਆਈ.ਏ. ਮੁਲਾਜ਼ਮ ਦੱਸ ਕੇ ਤਲਾਸ਼ੀ ਦੇ ਬਹਾਨੇ ਲੋਕਾਂ ਨੂੰ ਲੁੱਟਦਾ ਸੀ। ਇੰਨਾ ਹੀ ਨਹੀਂ ਉਸ ਨੇ ਚਾਕੂ ਦੀ ਨੋਕ ‘ਤੇ ਆਟੋ ਚਾਲਕ ਤੋਂ 2 ਡੈਬਿਟ ਕਾਰਡ, 6 ਹਜ਼ਾਰ ਰੁਪਏ ਨਕਦ ਅਤੇ ਹੋਰ ਦਸਤਾਵੇਜ਼ ਲੁੱਟ ਲਏ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਉਕਤ ਫਰਜ਼ੀ ਸੀ.ਆਈ.ਏ. ਮੁਲਜ਼ਮ ਦੀ ਪਛਾਣ ਹਰਦੀਪ ਸਿੰਘ ਉਰਫ ਦੀਪੂ ਵਾਸੀ ਜਵਾਹਰ ਨਗਰ ਕੈਂਪ, ਲੇਬਰ ਕਲੋਨੀ ਵਜੋਂ ਹੋਈ ਹੈ।
ਇਸ ਦੌਰਾਨ ਮੁਲਜ਼ਮ ਦੇ ਕਬਜ਼ੇ ਵਿੱਚੋਂ ਆਟੋ ਚਾਲਕ ਦਾ ਪੈਨ ਅਤੇ ਆਧਾਰ ਕਾਰਡ ਬਰਾਮਦ ਕੀਤਾ ਗਿਆ ਹੈ।ਮੁਲਜ਼ਮ ਨੇ 20 ਅਗਸਤ ਨੂੰ ਇੱਕ ਆਟੋ ਚਾਲਕ ਨੂੰ ਲੁੱਟ ਲਿਆ ਸੀ।ਪੀੜਤ ਆਟੋ ਚਾਲਕ ਸ਼ਿਵ ਕੁਮਾਰ ਪੰਡਿਤ ਗਿੱਲ ਚੌਕ ਵਾਲੇ ਪਾਸੇ ਤੋਂ ਸਵਾਰੀਆਂ ਨੂੰ ਬੱਸ ਸਟੈਂਡ ‘ਤੇ ਉਤਾਰਨ ਲਈ ਆ ਰਿਹਾ ਸੀ। ਜਦੋਂ ਉਹ ਅਮਰ ਸ਼ਹੀਦ ਸੁਖਦੇਵ ਥਾਪਰ ਅੰਤਰਰਾਜੀ ਬੱਸ ਸਟੈਂਡ ਨੇੜੇ ਰੇਲਵੇ ਓਵਰ ਬ੍ਰਿਜ ਕੋਲ ਪੁੱਜਿਆ ਤਾਂ ਸੜਕ ਦੇ ਕਿਨਾਰੇ ਗਲਤ ਸਾਈਡ ਤੋਂ ਆ ਰਹੇ ਇੱਕ ਬਾਈਕ ਸਵਾਰ ਵਿਅਕਤੀ ਨੇ ਉਸ ਦਾ ਰਸਤਾ ਰੋਕ ਲਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਪੁਲਿਸ ਮੁਲਾਜ਼ਮ ਦੱਸ ਕੇ ਤਲਾਸ਼ੀ ਦੇ ਬਹਾਨੇ ਉਸ ਨੂੰ ਰੋਕ ਲਿਆ ਅਤੇ ਉਸ ਪਾਸੋਂ 6 ਹਜ਼ਾਰ ਰੁਪਏ ਨਕਦ, 2 ਡੈਬਿਟ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਲੁੱਟ ਕੇ ਫ਼ਰਾਰ ਹੋ ਗਿਆ।ਆਟੋ ਚਾਲਕ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਨੂੰ ਅਤੇ ਸਵਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਾਂਚ ਦੌਰਾਨ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਜੇਲ੍ਹ ਵਿੱਚ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਜ਼ਮਾਨਤ ਤੋਂ ਬਾਅਦ ਉਹ ਮੁੜ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ।