ਕਾਲਾ ਸੰਘਿਆ : ਬਾਈਕ ਸਵਾਰ ਲੁਟੇਰਿਆਂ ਨੇ ਦੁਕਾਨਦਾਰ ਨੂੰ ਮਾਰੀਆਂ ਗੋਲ਼ੀਆਂ
ਕਾਲਾ ਸੰਘਿਆ, 25 ਅਗਸਤ,ਬੋਲੇ ਪੰਜਾਬ ਬਿਊਰੋ :
ਦੇਰ ਰਾਤ ਜਲੰਧਰ ਰੋਡ ‘ਤੇ ਬਾਈਕ ਸਵਾਰ ਲੁਟੇਰਿਆਂ ਵੱਲੋਂ ਦੁਕਾਨਦਾਰ ਰਾਜੂ ਸਪਰਾ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ, ਜਿਸ ਕਾਰਨ ਪਿੰਡ ਅਤੇ ਇਲਾਕੇ ਦੇ ਲੋਕਾਂ ‘ਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਜਲੰਧਰ ਰੋਡ ‘ਤੇ ਸਥਿਤ ਕਰਿਆਨੇ ਦੀ ਦੁਕਾਨ ਦੇ ਮਾਲਕ ਰਾਜੂ ਸਪਰਾ ਦੀ ਦੁਕਾਨ ‘ਤੇ ਰਾਤ 11 ਵਜੇ ਦੇ ਕਰੀਬ ਦੋ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਅਤੇ ਉਸ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਦੁਕਾਨਦਾਰ ਜ਼ਖਮੀ ਹੋ ਗਿਆ। ਉਥੋਂ ਲੰਘ ਰਹੇ ਨਿਹੰਗ ਸਿੰਘ ਬਾਬਾ ਹਰੀ ਸਿੰਘ ਕਲਿਆਣਪੁਰ ਨੇ ਮੁਲਜ਼ਮ ਨੌਜਵਾਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਨ੍ਹਾਂ ’ਤੇ ਵੀ ਗੋਲੀ ਚਲਾ ਦਿੱਤੀ ਪਰ ਉਹ ਵਾਲ-ਵਾਲ ਬਚ ਗਏ।
ਲੁਟੇਰਿਆਂ ਨੇ ਤਿੰਨ ਗੋਲੀਆਂ ਚਲਾਈਆਂ ਪਰ ਨਿਹੰਗ ਸਿੰਘਾਂ ਅਤੇ ਦੁਕਾਨਦਾਰ ਨੇ ਮੌਕੇ ’ਤੇ ਹੀ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ। ਉਸ ਨੇ ਆਪਣੀ ਪਛਾਣ ਦਲਜੀਤ ਪੰਮਾ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਔਜਲਾ ਸਈਅਦ ਵਜੋਂ ਦੱਸੀ ਤੇ ਕਿਹਾ ਕਿ ਉਹ ਆਪਣੇ ਸਾਥੀ ਰਾਜੂ ਅਹਿਮਦਪੁਰ ਦੇ ਨਾਲ ਸੀ, ਜਿਸ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਉਹ ਲੈਬੜੇ ਵੱਲ ਜਾ ਰਹੇ ਸਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ ਕਪੂਰਥਲਾ ਹਰਪ੍ਰੀਤ ਸਿੰਘ, ਐੱਸ.ਐੱਚ.ਓ. ਥਾਣਾ ਸਦਰ ਸੋਨਮਦੀਪ ਕੌਰ ਅਤੇ ਸਥਾਨਕ ਚੌਕੀ ਇੰਚਾਰਜ ਸਮੇਤ ਪੁਲਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਲੁਟੇਰੇ ਨੂੰ ਕਾਬੂ ਕਰ ਲਿਆ ਅਤੇ ਉਸ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ। ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਫਰਾਰ ਲੁਟੇਰੇ ਤੱਕ ਪਹੁੰਚਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜ਼ਖਮੀ ਨੌਜਵਾਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।