ਉਧਾਰੀ ਦਿੱਤੀ ਰਕਮ ਵਾਪਸ ਨਾ ਮਿਲਣ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ
ਪਟਿਆਲਾ 25 ਅਗਸਤ ,ਬੋਲੇ ਪੰਜਾਬ ਬਿਊਰੋ :
ਪਟਿਆਲਾ ‘ਚ ਉਧਾਰ ਪੈਸੇ ਵਾਪਸ ਨਾ ਮਿਲਣ ‘ਤੇ ਕਿਸਾਨ ਆਗੂ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਸੁਰਿੰਦਰ ਸਿੰਘ ਉਮਰ 56 ਸਾਲ ਵਾਸੀ ਪਿੰਡ ਸਰਲਾ ਕਲਾਂ ਵਜੋਂ ਹੋਈ।23 ਅਗਸਤ ਦੇਰ ਰਾਤ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਸੁਰਿੰਦਰ ਸਿੰਘ ਦੀ ਮੌਤ ਤੋਂ ਬਾਅਦ ਥਾਣਾ ਘਨੌਰ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਐਫਆਈਆਰ ਵਿੱਚ ਬਲਰਾਮ ਪਿੰਡ ਸਿਰਕਪਾੜਾ ਸਨੌਰ, ਕਾਕਾ ਰਾਮ, ਸੰਦੀਪ ਅਤੇ ਵਿਜੇ ਕੁਮਾਰ ਪਿੰਡ ਜੋਗੀਪੁਰ ਦੇ ਨਾਮ ਮੁਲਜ਼ਮਾਂ ਵਿੱਚ ਸ਼ਾਮਲ ਹਨ।
ਮ੍ਰਿਤਕ ਕਿਸਾਨ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਲਰਾਮ ਨੇ ਪਿਤਾ ਤੋਂ 15 ਲੱਖ ਰੁਪਏ ਉਧਾਰ ਲਏ ਸਨ, ਪਰ ਕੁਝ ਸਮੇਂ ਬਾਅਦ ਵਾਪਸ ਕਰ ਦਿੱਤੇ। ਉਸ ਦੇ ਪਿਤਾ ਨੂੰ ਪੈਸੇ ਲੈਣ ਲਈ ਕਾਫੀ ਭੱਜ-ਦੌੜ ਕਰਨੀ ਪਈ ਅਤੇ ਉਸ ਨੂੰ ਚਿੰਤਾ ਹੋਣ ਲੱਗੀ।ਉਸ ਤੋਂ ਬਾਅਦ ਮੁਲਜ਼ਮ ਸੰਦੀਪ ਅਤੇ ਵਿਜੇ ਕੁਮਾਰ ਨੇ ਕਰੀਬ 12 ਲੱਖ ਰੁਪਏ ਲੈ ਲਏ ਅਤੇ ਦੋਵੇਂ ਕਮਿਸ਼ਨ ਏਜੰਟ ਵਜੋਂ ਕੰਮ ਕਰਦੇ ਹਨ। ਇਸ ਤੋਂ ਇਲਾਵਾ ਮੁਲਜ਼ਮ ਕਾਕਾ ਰਾਮ ਨੇ 6 ਲੱਖ ਰੁਪਏ ਲਏ ਸਨ। ਇਨ੍ਹਾਂ ਸਾਰਿਆਂ ਨੇ ਉਧਾਰ ਲਏ ਪੈਸੇ ਵਾਪਸ ਨਹੀਂ ਕੀਤੇ, ਜਿਸ ਕਾਰਨ ਗੁਰਪ੍ਰੀਤ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਨੇ ਪਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।