ਵਿਜੀਲੈਂਸ ਬਿਊਰੋ ਵੱਲੋਂ ਦੋ ਆਡੀਟਰ 1,30,000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ
ਚੰਡੀਗੜ੍ਹ, 24 ਅਗਸਤ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਨੀਵਾਰ ਨੂੰ ਫਿਰੋਜ਼ਪੁਰ ਸਥਿਤ ਸਟੇਟ ਆਡਿਟ ਵਿਭਾਗ ਵਿੱਚ ਤਾਇਨਾਤ ਦੋ ਆਡੀਟਰਾਂ ਜਗਜੀਤ ਸਿੰਘ ਅਤੇ ਅਮਿਤ ਨੂੰ 1,30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਆਡੀਟਰਾਂ ਦੀ ਗ੍ਰਿਫਤਾਰੀ ਫਿਰੋਜ਼ਪੁਰ ਛਾਉਣੀ ਵਿੱਚ 17ਵੀਂ ਰਾਜਪੂਤ ਰੈਜੀਮੈਂਟ ਵਿੱਚ ਤਾਇਨਾਤ ਫੌਜ ਦੇ ਨਾਇਬ ਸੂਬੇਦਾਰ ਸੱਤਿਆ ਪ੍ਰਕਾਸ਼ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਕੇ ਦੱਸਿਆ ਕਿ ਉਕਤ ਆਡੀਟਰਾਂ ਨੂੰ ਉਨ੍ਹਾਂ ਦੇ ਵਿਭਾਗ ਵੱਲੋਂ ਸਾਲ 2023-2024 ਦੇ ਆਪਣੇ ਯੂਨਿਟ ਦੇ ਰਿਕਾਰਡ ਦਾ ਆਡਿਟ ਕਰਨ ਲਈ ਡਿਊਟੀ ਲਗਾਈ ਗਈ ਪਰ ਇਨ੍ਹਾਂ ਆਡੀਟਰਾਂ ਵੱਲੋਂ ਪਿਛਲੇ ਸਾਲ ਦੇ ਆਡਿਟ ਇਤਰਾਜ਼ਾਂ ਨੂੰ ਦਰੁਸਤ ਕਰਨ ਅਤੇ ਇਸ ਸਾਲ ਦੇ ਆਡਿਟ ਨੂੰ ਮਨਜ਼ੂਰੀ ਦੇਣ ਲਈ 1,50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਆਡੀਟਰ ਜਗਜੀਤ ਸਿੰਘ ਨੇ ਉਸਨੂੰ ਆਪਣੇ ਦਫਤਰ ਬੁਲਾਇਆ ਅਤੇ ਆਪਣੇ ਸਾਥੀ ਧਰਮਰਾਜ ਦੀ ਹਾਜ਼ਰੀ ਵਿੱਚ ਰਿਸ਼ਵਤ ਦੀ ਰਕਮ ਦੇਣ ਦੀ ਮੰਗ ਦੁਹਰਾਈ ਅਤੇ ਉਸਨੇ ਇਹ ਗੱਲਬਾਤ ਆਪਣੇ ਮੋਬਾਈਲ ਫੋਨ ‘ਤੇ ਰਿਕਾਰਡ ਕਰ ਲਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਓਰੋ ਦੀ ਫਿਰੋਜ਼ਪੁਰ ਰੇਂਜ ਦੀ ਟੀਮ ਨੇ ਜਾਲ ਵਿਛਾ ਕੇ ਦੋ ਆਡੀਟਰਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਪਾਸੋਂ 1,30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਫਿਰੋਜ਼ਪੁਰ ਰੇਂਜ ਥਾਣੇ ਵਿੱਚ ਉਪਰੋਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।