ਔਰਤ-ਵਰਗ ਪ੍ਰਤੀ ਹੋ ਰਹੀ ਹਿੰਸਾ ’ਤੇ ਰੋਸ ਪ੍ਰਗਟਾਇਆ

ਚੰਡੀਗੜ੍ਹ ਪੰਜਾਬ

ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮੋਨ-ਪ੍ਰਦਰਸ਼ਨ


ਸ੍ਰੀ ਚਮਕੌਰ ਸਾਹਿਬ, 24 ਅਗਸਤ,ਬੋਲੇ ਪੰਜਾਬ ਬਿਊਰੋ :


ਕਲਕੱਤਾ ਦੇ ਇੱਕ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਦੁਸ਼ਕਰਮ ਕਰਨ ਉਪਰੰਤ, ਕੀਤੀ ਗਈ ਹੱਤਿਆ ਅਤੇ ਬਦਲਾਪੁਰ (ਮਹਾਂਰਾਸ਼ਟਰ) ਵਿੱਚ 2 ਮਾਸੂਮ ਬੱਚੀਆਂ ਨਾਲ ਕੀਤੀ ਜਿਣਸੀ ਛੇੜਛਾੜ ਦੇ ਰੋਸ ਵਜੋਂ, ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ, ਸ਼ਹਿਰ ਦੇ ਬਾਜ਼ਾਰਾਂ ਵਿੱਚ ਮੋਨ-ਪ੍ਰਦਰਸ਼ਨ ਕੀਤਾ। ਰੋਸ ਪ੍ਰਗਟ ਕਰਨ ਵਾਲਿਆਂ ਦੇ ਹੱਥਾਂ ਵਿੱਚ ਬੈਨਰ ਅਤੇ ਚਾਰਟ ਫੜੇ ਹੋਏ ਸਨ, ਜਿਨ੍ਹਾਂ ’ਤੇ ਔਰਤ-ਵਰਗ ਵਿਰੁੱਧ ਅੱਤਿਆਚਾਰ ਬੰਦ ਕਰਨ ਅਤੇ ਦੋਸ਼ੀਆਂ ਨੂੰ ਫਾਹੇ ਲਾਉਣ ਦੀ ਮੰਗ ਕੀਤੀ ਗਈ ਸੀ। ਰੋਸ-ਪ੍ਰਦਰਸ਼ਨ ਦਾ ਇਹ ਸੱਦਾ, ਜ਼ਿੰਦਗੀ-ਜ਼ਿੰਦਾਬਾਦ ਇਲਾਕਾ ਸਮੂਹ ਸ਼੍ਰੀ ਚਮਕੌਰ ਸਾਹਿਬ ਦੇ ਆਗੂਆਂ ਵੱਲੋਂ ਦਿੱਤਾ ਗਿਆ ਸੀ। ਗੁਰਦਵਾਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਭਾਈ ਸੰਗਤ ਸਿੰਘ ਦੀਵਾਨ ਹਾਲ ਵਿੱਚ, ਵੱਖ ਵੱਖ ਸਕੂਲਾਂ ਦੇ ਸੈਕੜੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰਿੰਸੀਪਲ ਅਮਨਦੀਪ ਕੌਰ, ਜ਼ਿੰਦਗੀ ਜ਼ਿੰਦਾਬਾਦ ਸਮੂਹ ਦੇ ਸਥਾਨਕ ਆਗੂਆਂ ਅਮਨਦੀਪ ਸਿੰਘ ਮਾਂਗਟ ਅਤੇ ਸਵਰਨ ਸਿੰਘ ਭੰਗੂ ਤੋਂ ਇਲਾਵਾ, ਟਰੇਡ ਯੂਨੀਅਨ ਆਗੂ ਮਲਾਗਰ ਸਿੰਘ ਨੇ ਸੰਬੋਧਨ ਕੀਤਾ। ਵਕਤਾਵਾਂ ਨੇ ਦੇਸ਼ ਭਰ ਵਿੱਚ ਔਰਤਾਂ ਵਿਰੁੱਧ ਹੋ ਰਹੀ ਹਿੰਸਾ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਸੰਭਵ ਛੇਤੀ ਮਿਸਾਲੀ ਸਜਾਵਾਂ ਦਿੱਤੀਆਂ ਜਾਣ। ਇਹ ਵੀ ਮੰਗ ਕੀਤੀ ਗਈ ਕਿ ਔਰਤ-ਵਰਗ ਦੇ ਸਵੈ-ਮਾਣ ਦੀ ਰਾਖੀ ਲਈ, ਲੰਮੇਂ ਦਾਅ ਤੋਂ ਜੀਵਨ-ਸ਼ੈਲੀ ਵਿੱਚ ਸਿਫ਼ਤੀ ਤਬਦੀਲੀਆਂ ਕੀਤੀਆਂ ਜਾਣ, ਤਾਂ ਕਿ ਔਰਤ ਨੂੰ ਕੇਵਲ ਇੱਕ ਵਸਤੂ ਨਾ ਸਮਝਿਆ ਜਾਵੇ, ਸਗੋਂ ੳਸਦਾ ਬਰਾਬਰ ਦਾ ਮਨੁੱਖੀ ਰੁਤਬਾ ਬਹਾਲ ਹੋਵੇ। ਦੱਸਿਆ ਗਿਆ ਕਿ ਔਰਤਾਂ ਵਿਰੁੱਧ ਵਧ ਰਹੇ ਜ਼ੁਲਮ, ਅਸਲ ਵਿੱਚ ਦੇਸ਼ ਦੀ ਨਿੱਘਰ ਰਹੀ ਰਾਜਸੀ-ਵਿਵਸਥਾ ਕਰਕੇ ਹੀ ਹਨ। ਮੋਨ-ਪ੍ਰਦਰਸ਼ਨ ਵਿੱਚ ਕੰਗ ਯਾਦਗਾਰੀ ਸਿੱਖਿਆ-ਸੰਸਥਾ ਬਸੀ ਗੁੱਜਰਾਂ, ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ, ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਅਤੇ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਸਨ। ਇਹ ਪ੍ਰਦਰਸ਼ਨ ਗੁਰਦਵਾਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ, ਮੁੱਖ ਬਾਜ਼ਾਰ, ਭੂਰੜੇ ਚੌਕ, ਬੱਸ ਸਟੈਂਡ ਅਤੇ ਪੰਜ ਮੰਜ਼ਿਲੀ ਬਿਲਡਿੰਗ ਤੋਂ ਮੁੜ, ਦੀਵਾਨ ਹਾਲ ਜਾ ਕੇ ਸਮਾਪਤ ਹੋਇਆ। ਰੋਸ-ਪ੍ਰਦਰਸ਼ਨ ਦੌਰਾਨ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ, ਰੋਸ-ਪ੍ਰਦਰਸ਼ਨ ਦਾ ਮਕਸਦ ਦੱਸਦੇ, ਸਵਾਲ ਖੜ੍ਹੇ ਕਰਦੇ ਅਤੇ ਮਨੁੱਖੀ-ਫ਼ਰਜਾਂ ਦਾ ਅਹਿਸਾਸ ਕਰਾਉਂਦੇ ਪੰਫਲੈੱਟ ਵੀ ਵੰਡੇ ਗਏ। ਇਸ ਪ੍ਰਦਰਸ਼ਨ ਵਿੱਚ ਅਰਵਿੰਦਰ ਸਿੰਘ, ਪ੍ਰੇਮ ਸਿੰਘ ਚੱਕ ਲੋਹਟ, ਅਵਤਾਰ ਸਿੰਘ, ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ, ਨਿਰਮਲ ਸਿੰਘ, ਮੇਜਰ ਸਿੰਘ, ਪ੍ਰਿੰਸੀਪਲ ਨਵਪ੍ਰੀਤ ਕੌਰ, ਬੇਅੰਤ ਕੌਰ, ਬਲਜਿੰਦਰ ਸਿੰਘ, ਨਰਿੰਦਰ ਸਿੰਘ, ਬਲਜੀਤ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *