ਮੁਲਾਜ਼ਮ ਤੇ ਪੈਨਸ਼ਨਰ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਦੇ ਹੋਏ
ਮੋਹਾਲੀ, 24 ਅਗਸਤ, ਬੋਲੇ ਪੰਜਾਬ ਬਿਊਰੋ :
ਮੋਹਾਲੀ ਫੇਜ਼ -1, ਵਿਖੇ ਬਾਗ਼ਬਾਨੀ ਵਿਭਾਗ ਦੀ ਨਰਸਰੀ ਵਿੱਚ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ। ਰੈਲੀ ਸੁਰੂ ਕਰਨ ਤੋਂ ਪਹਿਲਾਂ ਮੁਲਾਜ਼ਮਾਂ ਦੇ ਹਰਮਨ ਪਿਆਰੇ ਆਗੂ ਵੇਦ ਪ੍ਰਕਾਸ਼ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਜੋ ਕਿ ਅੱਜ ਸਵੇਰੇ ਹੀ ਸਦੀਵੀ ਵਿਛੋੜਾ ਦੇ ਗਏ ਹਨ।
ਇਸ ਮੌਕੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਵੱਖ -ਵੱਖ ਬੁਲਾਰਿਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਵਾਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਨਾ ਕਰਨ ਨੀਤੀ ਨੂੰ ਫਿਟਕਾਰਿਆ ਅਤੇ ਕਿਹਾ ਕਿ ਮੁੱਖ ਮੰਤਰੀ ਅਪਣੀਆਂ ਭਰੋਸੇਯੋਗਤਾ ਗਵਾ ਚੁੱਕਿਆ ਹੈ ਤੇ ਭਵਿੱਖ ਵਿੱਚ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੀ ਮੱਕਾਰੀ ਦੀ ਕੀਮਤ ਚੁਕਾਉਣੀ ਪਵੇਗੀ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਪੰਜਾਬ ਦੇ ਲੋਕ ਇਸ ਝੂਠੀ ਤੇ ਬੇਈਮਾਨ ਸਰਕਾਰ ਨੂੰ ਸਬਕ ਸਿਖਾਉਣਗੇ। ਪੰਜਾਬ ਸਰਕਾਰ ਵਲੋਂ ਚੋਣਾਂ ਮੌਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਵਿਸਾਰ ਦਿੱਤੇ ਗਏ ਹਨ ਜਿਸ ਵਿੱਚ ਮਾਣਭੱਤਾ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨ ਜਨਕ ਮਾਣਭੱਤਾ ਦੇਣਾ ਅਤੇ ਘੱਟੋ ਘੱਟ ਹਰਿਆਣਾ ਪੈਟਰਨ ਦੇ ਬਰਾਬਰ ਕਰਨਾਂ, ਵੱਖ -ਵੱਖ ਵਿਭਾਗਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਹਰ ਤਰ੍ਹਾਂ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨੀਆਂ, ਪੁਰਾਣੀ ਪੈਨਸ਼ਨ ਬਹਾਲ ਕਰਨੀ, ਪੈਨਸ਼ਨਰਾਂ ਦੀ 2.59 ਦੇ ਗੁਣਾਕ ਨਾਲ ਪੈਨਸ਼ਨ ਦੀ ਦੁਹਰਾਈ ਕਰਨੀ, ਰਹਿੰਦੀਆਂ ਮਹਿਗਾਈ ਭੱਤੇ ਦੀਆਂ ਕਿਸ਼ਤਾਂ ਦੀ ਅਦਾਇਗੀ ਤੁਰੰਤ ਕਰਨੀ, ਤਨਖ਼ਾਹ ਕਮਿਸ਼ਨ ਦੇ ਬਕਾਇਆਂ ਦੀ ਅਦਾਇਗੀ ਤੁਰੰਤ ਕਰਨੀ ਆਦਿ ਮੰਗਾਂ ਤੁਰੰਤ ਪ੍ਰਵਾਨ ਕੀਤੀਆ ਜਾਣ। ਆਉਣ ਵਾਲੇ ਸੈਸ਼ਨ ਦੌਰਾਨ ਤਿੰਨ ਸਤੰਬਰ ਨੂੰ ਵਿਧਾਨ ਸਭਾ ਵੱਲ ਮਾਰਚ ਪ੍ਰੋਗਰਾਮ ਵਿੱਚ ਵੱਧ ਚੜਕੇ ਭਾਗ ਲੈਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਪੰਜਾਬ ਸਰਕਾਰ ਦੀ ਲਾਰਿਆਂ ਦੀ ਪੰਡ ਨੂੰ ਅੱਗ ਸੂਬਾਈ ਕਨਵੀਨਰ ਕਰਮ ਸਿੰਘ ਧਨੋਆ ਵਲੋਂ ਲਗਾਈ ਗਈ। ਫੈਡਰੇਸ਼ਨ ਆਗੂ ਕਰਮਾ ਪੁਰੀ, ਦਿਲਦਾਰ ਸਿੰਘ ਸੁਹਾਣਾ, ਤਰਸੇਮ ਲਾਲ ਦੱਪਰ, ਸੁਰੇਸ਼ ਕੁਮਾਰ ਠਾਕੁਰ, ਸ਼ਵਿੰਦਰ ਕੁਮਾਰ, ਹਨੂੰਮਾਨ, ਅਜਮੇਰ ਸਿੰਘ ਲੌਂਗੀਆ, ਦਰਸ਼ਨ ਬਾਬਾ ਚਨਾਲੋਂ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰੈੱਸ ਸਕੱਤਰ ਹਰਨੇਕ ਸਿੰਘ ਮਾਵੀ, ਅਮਰੀਕ ਸਿੰਘ, ਜਗਦੀਸ਼ ਸਿੰਘ ਸਰਾਉ ਤੇ ਗੁਰਬਿੰਦਰ ਸਿੰਘ ਚੰਡੀਗੜ੍ਹ ਹਾਜ਼ਰ ਸਨ।