ਚਿੱਪ ਵਾਲਾ ਸਮਾਰਟ ਮੀਟਰ ਲਗਾਉਣ ਲਈ ਆਏ ਪਾਵਰਕੌਮ ਮੁਲਾਜ਼ਮਾਂ ਦਾ ਘਿਰਾਓ
ਭਵਾਨੀਗੜ੍ਹ, 24 ਅਗਸਤ,ਬੋਲੇ ਪੰਜਾਬ ਬਿਊਰੋ :
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਭਵਾਨੀਗੜ੍ਹ ਇਕਾਈ ਨੇ ਪ੍ਰਧਾਨ ਬੇਅੰਤ ਸਿੰਘ ਬੱਬੂ ਦੀ ਅਗਵਾਈ ਹੇਠ ਪਿੰਡ ਬਟਾਰੀਆਣਾ ਵਿੱਚ ਪਾਣੀ ਵਾਲੀ ਟੈਂਕੀ ’ਤੇ ਚਿੱਪ ਵਾਲਾ ਸਮਾਰਟ ਮੀਟਰ ਲਗਾਉਣ ਲਈ ਆਏ ਪਾਵਰਕੌਮ ਮੁਲਾਜ਼ਮਾਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬਲਾਕ ਆਗੂਆਂ ਹਰਜਿੰਦਰ ਸਿੰਘ ਘਰਾਚੋ ਅਤੇ ਸਤਵਿੰਦਰ ਸਿੰਘ ਘਰਾਚੋ ਨੇ ਕਿਹਾ ਕਿ ਇਹ ਜਨਤਕ ਅਦਾਰੇ ਲੋਕਾਂ ਦੇ ਹਨ ਅਤੇ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਮੁਨਾਫਾ ਵਧਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਬੋਰਡ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ, ਇਸ ਲਈ ਸਮਾਰਟ ਮੀਟਰ ਲਗਾਉਣ ਦੀ ਯੋਜਨਾ ਲਿਆਂਦੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਥਾਂ ’ਤੇ ਪਿਛਲਾ ਮੀਟਰ ਬਿਲਕੁਲ ਠੀਕ ਕੰਮ ਕਰ ਰਿਹਾ ਸੀ, ਜਿਸ ਕਰਕੇ ਇਹ ਨਵਾਂ ਮੀਟਰ ਨਹੀਂ ਲੱਗਣ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਮੌਕੇ ਪਾਵਰਕੌਮ ਦਫ਼ਤਰ ਘਰਾਂਚੋ ਦੇ ਐਸ.ਡੀ.ਓ. ਰਘਬੀਰ ਸਿੰਘ ਅਤੇ ਹੋਰ ਕਰਮਚਾਰੀ ਪਹੁੰਚੇ ਅਤੇ ਜਦੋਂ ਉਨ੍ਹਾਂ ਨੇ ਸਮਾਰਟ ਮੀਟਰ ਹਟਾ ਕੇ ਪੁਰਾਣੇ ਮੀਟਰ ਨੂੰ ਦੁਬਾਰਾ ਚਾਲੂ ਕੀਤਾ ਤਾਂ ਇਹ ਠੀਕ ਤਰ੍ਹਾਂ ਕੰਮ ਕਰ ਰਿਹਾ ਸੀ। ਕਿਸਾਨ ਆਗੂਆਂ ਨੇ ਦੱਸਿਆ ਕਿ ਪਾਵਰਕੌਮ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇੱਥੇ ਸਿਰਫ਼ ਪੁਰਾਣਾ ਮੀਟਰ ਹੀ ਚਲਾਉਣਗੇ, ਜਿਸ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਅਤੇ ਸਮੁੱਚੇ ਪਿੰਡ ਵਾਸੀਆਂ ਨੇ ਬਿਜਲੀ ਅਧਿਕਾਰੀਆਂ ਦਾ ਘਿਰਾਓ ਖ਼ਤਮ ਕੀਤਾ।
ਜਿਸ ਤੋਂ ਬਾਅਦ ਬਿਜਲੀ ਅਧਿਕਾਰੀਆਂ ਨੂੰ ਜਾਣ ਦਿੱਤਾ ਗਿਆ। ਇਸ ਮੌਕੇ ਇਕਾਈ ਆਗੂ ਅਵਤਾਰ ਸਿੰਘ, ਹਰਜਿੰਦਰ ਸਿੰਘ, ਦਰਬਾਰਾ ਸਿੰਘ ਅਤੇ ਵੱਡੀ ਗਿਣਤੀ ਵਿਚ ਹਾਜ਼ਰ ਕਿਸਾਨਾਂ-ਮਜ਼ਦੂਰਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਨਵੇਂ ਚਿੱਪ ਆਧਾਰਿਤ ਸਮਾਰਟ ਮੀਟਰ ਨਹੀਂ ਲੱਗਣ ਦੇਣਗੇ।