ਰਾਜਨੀਤਕ ਪਾਰਟੀਆਂ ਡੋਰ-ਟੂ-ਡੋਰ ਸਰਵੇ ਦੌਰਾਨ ਬੀ.ਐਲ.ਓਜ਼ ਨੂੰ ਪੂਰਨ ਸਹਿਯੋਗ ਦੇਣ: ਵਧੀਕ ਜ਼ਿਲਾ ਚੋਣ ਅਫਸਰ
ਐਸ.ਏ.ਐਸ.ਨਗਰ, 23 ਅਗਸਤ ,ਬੋਲੇ ਪੰਜਾਬ ਬਿਊਰੋ :
ਵਧੀਕ ਜ਼ਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਰਾਜ ਸ਼ਿਆਮ ਤਿੜਕੇ,ਆਈ.ਏ.ਐਸ., ਐਸ.ਏ.ਐਸ.ਨਗਰ ਨੇ ਕਲ੍ਹ ਯੋਗਤਾ ਮਿਤੀ 01.01.2025 ਦੇ ਆਧਾਰ ‘ਤੇ ਫੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਅਤੇ ਡੋਰ ਟੂ ਡੋਰ ਸਰਵੇ ਸਬੰਧੀ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 01.01.2025 ਦੀ ਯੋਗਤਾ ਦੇ ਆਧਾਰ ‘ਤੇ ਫੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਲਈ ਇਸ ਮਿਤੀ ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਵਾਲੇ ਨੌਜਵਾਨਾਂ ਨੂੰ ਵੋਟਾਂ ਬਣਵਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨਾਲ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕੇ।
ਵਧੀਕ ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਦੇ ਵੇਰਵਿਆਂ ਦੀ ਵੈਰੀਫਿਕੇਸ਼ਨ ਕਰਨ ਲਈ ਬੂਥ ਲੈਵਲ ਅਫਸਰਾਂ ਵੱਲੋਂ ਮਿਤੀ 20.08.24 ਤੋਂ 20.09.24 ਤੱਕ ਘਰ-ਘਰ ਸਰਵੇ ਕੀਤਾ ਜਾਵੇਗਾ ਅਤੇ 1 ਜਨਵਰੀ 2025 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਵਾਲੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਫਾਰਮ ਵੀ ਇਕੱਤਰ ਕੀਤੇ ਜਾਣਗੇ। ਉਨ੍ਹਾਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਡੋਰ-ਟੂ-ਡੋਰ ਸਰਵੇ ਦੌਰਾਨ ਬੀ.ਐੱਲ.ਓਜ਼ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਵੋਟ ਬਣਵਾਉਣ ਲਈ ਚੋਣ ਕਮਿਸ਼ਨ ਦੀ ਵੈਬਸਾਈਟ, ਜਾਂ ਮੋਬਾਇਲ ਐਪ ਵੋਟਰ ਹੈਲਪ ਲਾਈਨ ਐਪ ‘ਤੇ ਵੀ ਆਨਲਾਈਨ ਫਾਰਮ ਭਰੇ ਜਾ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਆਪੋ-ਆਪਣੇ ਬੂਥ ਲੈਵਲ ਏਜੰਟ ਨਿਯੁੱਕਤ ਕਰਕੇ ਉਨ੍ਹਾਂ ਦੇ ਵੇਰਵੇ ਪ੍ਰਸ਼ਾਸ਼ਨ ਨਾਲ ਵੀ ਸਾਂਝੇ ਕੀਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਦਾਅਵੇ ਅਤੇ ਇਤਰਾਜ਼ ਸਬੰਧੀ ਫਾਰਮ ਹਰ ਪੱਖੋਂ ਮੁਕੰਮਲ ਕਰ ਕੇ ਹੀ ਜਮ੍ਹਾ ਕਰਵਾਏ ਜਾਣ।
ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀ ਸੰਜੇ ਕੁਮਾਰ, ਚੋਣ ਕਾਨੂੰਗੋ ਸ੍ਰੀ ਸੁਰਿੰਦਰ ਕੁਮਾਰ, ਕਲਰਕ ਜਸਵਿੰਦਰ ਕੌਰ, ਕਾਂਗਰਸ ਪਾਰਟੀ ਦੇ ਹਰਕੇਸ਼ ਚੰਦ ਸ਼ਰਮਾ, ਬਹੁਜਨ ਸਮਾਜ ਪਾਰਟੀ ਦੇ ਸੁਖਦੇਵ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਡਾ. ਵਰਿੰਦਰ ਸਿੰਘ ਆਦਿ ਹਾਜ਼ਰ ਆਏ।