ਬਾਘਾਪੁਰਾਣਾ ਦੇ ਫਾਈਨਾਂਸਰ ਦੀ ਦੁਕਾਨ ‘ਚੋਂ 2 ਲੱਖ 23 ਹਜ਼ਾਰ ਰੁਪਏ ਲੁੱਟਣ ਵਾਲਿਆਂ ਵਿਚੋਂ ਦੋ ਪੁਲੀਸ ਨੇ ਕੀਤੇ ਕਾਬੂ
ਮੋਗਾ, 23 ਅਗਸਤ,ਬੋਲੇ ਪੰਜਾਬ ਬਿਊਰੋ:
10 ਅਗਸਤ ਦੀ ਸ਼ਾਮ ਨੂੰ ਬਾਘਾਪੁਰਾਣਾ ਵਿੱਚ ਪਾਲ ਮਰਚੈਂਟ ਫਾਈਨਾਂਸਰ ਦੀ ਦੁਕਾਨ ਤੋਂ ਗੋਲੀ ਮਾਰਨ ਦੀ ਧਮਕੀ ਦੇ ਕੇ 2 ਲੱਖ 23 ਹਜ਼ਾਰ ਰੁਪਏ ਲੁੱਟਣ ਵਾਲੇ ਲੁਟੇਰਿਆਂ ਵਿੱਚੋਂ ਦੋ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਡੀ.ਐਸ.ਪੀ. ਦਲਵੀਰ ਸਿੰਘ ਬਾਘਾਪੁਰਾਣਾ ਅਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਸਵਰਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਤਾਂ ਜੋ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਅਣਪਛਾਤੇ ਲੁਟੇਰੇ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਇਕ ਕਾਰ ‘ਤੇ ਆਏ ਸਨ। ਉਸ ਸਮੇਂ ਪਾਲ ਮਰਚੈਂਟ ਦੇ ਦਫ਼ਤਰ ‘ਚ ਮੌਜੂਦ ਸਟਾਫ਼ ਮੈਂਬਰ ਭਜਨ ਸਿੰਘ, ਆਨੰਦਪ੍ਰੀਤ ਸਿੰਘ ਅਤੇ ਮਨਦੀਪ ਕੌਰ ਨੂੰ ਪਿਸਤੌਲ ਵਰਗੇ ਹਥਿਆਰ ਨਾਲ ਡਰਾ ਧਮਕਾ ਕੇ ਮੇਜ਼ ਤੋਂ 2 ਲੱਖ 23 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਝਪਟ ਕੇ ਫ਼ਰਾਰ ਹੋ ਗਏ ਸਨ।ਜਿਸ ‘ਤੇ ਬਾਘਾਪੁਰਾਣਾ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ।
ਥਾਣਾ ਸਦਰ ਦੇ ਇੰਚਾਰਜ ਜਸਵਰਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਚੈੱਕ ਕੀਤਾ ਗਿਆ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਵਾਰਦਾਤ ਸਮੇਂ ਵਰਤੀ ਗਈ ਵਰਨਾ ਕਾਰ ਦਾ ਅਸਲ ਨੰਬਰ ਵੱਖਰਾ ਸੀ, ਜਿਸ ਨੂੰ ਟਰੇਸ ਕਰਨ ‘ਤੇ ਕਾਰ ਗੁਰਪਿੰਦਰ, ਵਾਸੀ ਨਿਊ ਕਲੋਨੀ ਏਕਤਾ ਨਗਰ ਫ਼ਿਰੋਜ਼ਪੁਰ ਮਾਲਕ ਦੇ ਨਾਂ ‘ਤੇ ਦਰਜ ਪਾਈ ਗਈ।
ਪੁਲਿਸ ਨੇ ਤਫ਼ਤੀਸ਼ ਦੌਰਾਨ ਇਸ ਸਬੰਧੀ ਗੁਰਵਿੰਦਰ ਸਿੰਘ, ਅਜੈ ਵਾਸੀ ਕਿੱਲੀ ਥਾਣਾ ਲੱਖੋਕੇ ਬਹਿਰਾਮ ਅਤੇ ਹੈਪੀ ਵਾਸੀ ਸੋਢੀ ਕਲਾਂ ਫ਼ਿਰੋਜ਼ਪੁਰ ਨੂੰ ਨਾਮਜ਼ਦ ਕੀਤਾ।ਪੁਲਿਸ ਨੇ ਅਜੈ ਅਤੇ ਹੈਪੀ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਇਕ ਖਿਡੌਣਾ ਵਰਗਾ ਪਿਸਤੌਲ ਅਤੇ 30,000 ਰੁਪਏ ਦੀ ਨਕਦੀ ਬਰਾਮਦ ਕੀਤੀ, ਇਸ ਤੋਂ ਇਲਾਵਾ ਵਾਰਦਾਤ ਸਮੇਂ ਵਰਤੀ ਗਈ ਕਾਰ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਗੁਰਪਿੰਦਰ ਸਿੰਘ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਜਲਦੀ ਹੀ ਕਾਬੂ ਕੀਤੇ ਜਾਣ ਦੀ ਸੰਭਾਵਨਾ ਹੈ।