ਜਲੰਧਰ ਦੇ ਇੱਕ ਆਸ਼ਰਮ ‘ਚੋਂ ਕਈ ਲੜਕੀਆਂ ਵੱਲੋਂ ਮਹਿਲਾ ਹੋਮਗਾਰਡ ‘ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼
ਜਲੰਧਰ, 23 ਅਗਸਤ,ਬੋਲੇ ਪੰਜਾਬ ਬਿਊਰੋ:
ਸ਼ਹਿਰ ‘ਚ ਸਥਿਤ ਗਾਂਧੀ ਵਨੀਤਾ ਆਸ਼ਰਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਕਪੂਰਥਲਾ ਚੌਕ ਨੇੜੇ ਸਥਿਤ ਆਸ਼ਰਮ ‘ਚੋਂ 7 ਦੇ ਕਰੀਬ ਲੜਕੀਆਂ ਨੂੰ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀਆਂ ਆਸ਼ਰਮ ‘ਚ ਚੋਰੀ, ਨਸ਼ਾ ਤਸਕਰੀ ਅਤੇ ਕਤਲ ਦੇ ਮਾਮਲਿਆਂ ‘ਚ ਬੰਦ ਹਨ। ਫਰਾਰ ਹੁੰਦੇ ਹੋਏ ਉਨ੍ਹਾਂ ਨੇ ਮਹਿਲਾ ਹੋਮਗਾਰਡ ਅੰਮ੍ਰਿਤ ਕੌਰ ਦਾ ਸਿਰ ਵੀ ਪਾੜ ਦਿੱਤਾ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪਰ ਆਸ਼ਰਮ ਦੀ ਉੱਚੀ ਕੰਧ ਕਾਰਨ, ਉਹ ਭੱਜਣ ਵਿੱਚ ਅਸਫਲ ਰਹੀਆਂ ਅਤੇ ਦੂਜੇ ਸਟਾਫ ਦੁਆਰਾ ਤੁਰੰਤ ਕਾਰਵਾਈ ਕਰਦਿਆਂ ਕਾਬੂ ਕੀਤਾ ਗਿਆ। ਦੋਸ਼ੀ ਲੜਕੀਆਂ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਰੀਆਂ ਸੱਤ ਲੜਕੀਆਂ ਕਮਰੇ ਵਿੱਚੋਂ ਬਾਹਰ ਨਿਕਲੀਆਂ ਪਰ ਜਦੋਂ ਬਾਹਰ ਤਾਇਨਾਤ ਮਹਿਲਾ ਹੋਮਗਾਰਡ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਹੋਮਗਾਰਡ ਦੇ ਸਿਰ ’ਤੇ ਵਾਰ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 2 ਦੇ ਐੱਸਐੱਚਓ ਗੁਰਪ੍ਰੀਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਨ੍ਹਾਂ 7 ਲੜਕੀਆਂ ‘ਚੋਂ 2 ਨਸ਼ੇ ਦੇ ਮਾਮਲੇ ‘ਚ, 3 ਕਤਲ ਦੇ ਮਾਮਲੇ ‘ਚ ਅਤੇ 2 ਲੜਕੀਆਂ ਚੋਰੀ ਦੇ ਮਾਮਲੇ ‘ਚ ਸ਼ਾਮਲ ਹਨ। ਦੱਸ ਦੇਈਏ ਕਿ 2021 ਵਿੱਚ ਇਸ ਆਸ਼ਰਮ ਤੋਂ 46 ਲੜਕੀਆਂ ਭੱਜ ਗਈਆਂ ਸਨ, ਜਿਨ੍ਹਾਂ ਨੂੰ ਕਪੂਰਥਲਾ ਚੌਕ ਨੇੜੇ ਫੜ ਲਿਆ ਗਿਆ ਸੀ।
ਥਾਣਾ 2 ਦੀ ਪੁਲਸ ਨੇ 7 ਲੜਕੀਆਂ ਸਿਮਰਨ, ਮੰਜਲੀ, ਖੁਸ਼ੀ, ਸਾਕਸ਼ੀ, ਪ੍ਰਿਆ, ਮੁਸਕਾਨ ਅਤੇ ਸੋਨੀਆ ਖਿਲਾਫ ਧਾਰਾ 109, 132, 115/221, 61/2 ਦੇ ਤਹਿਤ ਪੰਜਾਬ ਹੋਮਗਾਰਡ ਦੀ ਮਹਿਲਾ ਦੀ ਕੁੱਟਮਾਰ ਕਰਨ ਅਤੇ ਉਸ ਦਾ ਸਿਰ ਪਾੜਨ ਦਾ ਮਾਮਲਾ ਦਰਜ ਕੀਤਾ ਹੈ ।