ਏ.ਡੀ.ਸੀ. ਵੱਲੋਂ ਕੈਂਪਬੈਲ ਐਜੂਕੇਸ਼ਨਲ ਫਰਮ ਦਾ ਲਾਇਸੰਸ ਰੱਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਗਸਤ,ਬੋਲੇ ਪੰਜਾਬ ਬਿਊਰੋ :
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਕੈਂਪਬੈਲ ਐਜੂਕੇਸ਼ਨਲ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੈਂਪਬੈਲ ਐਜੂਕੇਸ਼ਨਲ ਫਰਮ ਐਸ.ਸੀ.ਐਫ. ਨੰਬਰ 103, ਟੋਪ ਫਲੋਰ, ਫੇਜ਼-7 ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸ੍ਰੀ ਕੁਲਜੀਤ ਸਿੰਘ, ਪੁੱਤਰ ਸ੍ਰੀ ਬਲਜੀਤ ਸਿੰਘ, ਵਾਸੀ ਹਾਊਸ ਨੰਬਰ 123, ਸੈਕਟਰ-45, ਚੰਡੀਗੜ੍ਹ (ਯੂ.ਟੀ) ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਲਈ ਲਾਇਸੰਸ ਨੰ: 251/ਆਈ.ਸੀ ਮਿਤੀ 28.12.2018 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 27.12.2023 ਨੂੰ ਖਤਮ ਹੋ ਚੁੱਕੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਇਸੰਸੀ ਵੱਲੋਂ ਐਕਟ/ਰੂਲਜ਼ ਅਤੇ ਅਡਵਾਈਜਰੀ ਅਨੁਸਾਰ ਮਹੀਨਾਵਾਰ ਰਿਪੋਰਟਾਂ ਅਤੇ ਇਸ਼ਤਿਹਾਰਾਂ ਸਬੰਧੀ ਸੂਚਨਾ ਨਾ ਭੇਜਣ ਕਰਕੇ, ਲਾਇਸੰਸ ਨਵੀਨ ਨਾ ਕਰਵਾਉਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪਸ਼ਟੀਕਰਨ ਨਾ ਦੇਣ ਕਰਕੇ , ਪੱਤਰ ਅਣਡਲਿਵਰਡ ਪ੍ਰਾਪਤ ਹੋਣ ਕਰਕੇ ਅਤੇ ਦਫਤਰ ਬੰਦ ਹੋਣ ਕਰਕੇ ਕੰਪਨੀ/ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਉਕਤ ਫਰਮ ਨੂੰ ਜਾਰੀ ਲਾਇਸੰਸ ਨੰਬਰ 251/ਆਈ.ਸੀ. ਮਿਤੀ 28.12.2018 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ ਡਾਇਰੈਕਟਰ/ਫਰਮ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ।