5 ਸਤੰਬਰ ਨੂੰ ਅਧਿਆਪਕ ਦਿਵਸ ਤੇ ਡੀ ਸੀ/ ਡੀ ਈ ਓ ਦਫ਼ਤਰ ਫ਼ਤਹਿਗੜ੍ਹ ਸਾਹਿਬ ਦਾ ਕੀਤਾ ਜਾਵੇਗਾ ਘਿਰਾਓ – ਡੀ ਟੀ ਐਫ
ਫ਼ਤਹਿਗੜ੍ਹ ਸਾਹਿਬ,22, ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਡੀ ਟੀ ਐਫ ਫ਼ਤਹਿਗੜ੍ਹ ਸਾਹਿਬ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਕੀਤੇ ਜਾਣ ਵਾਲੇ 5 ਸਤੰਬਰ (ਅਧਿਆਪਕ ਦਿਵਸ) ਨੂੰ ਡੀ ਸੀ/ਡੀ ਈ ਓ ਦਫ਼ਤਰ ਫ ਗ ਸ ਦੇ ਘਿਰਾਓ ਦੀ ਤਿਆਰੀ ਲਈ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਫ਼ਤਹਿਗੜ੍ਹ ਸਾਹਿਬ ਵਿਖੇ ਮੀਟਿੰਗ ਕੀਤੀ ਗਈ,ਇਸ ਮੀਟਿੰਗ ਵਿੱਚ ਜਥੇਬੰਦੀ ਦੇ ਜਿਲ੍ਹਾ/ਬਲਾਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਉਪਰੰਤ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਦਿਆਂ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਇੱਕੋ ਕੈਂਪਸ ਵਿੱਚ ਚੱਲ ਰਹੇ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ 113 ਸਕੂਲਾਂ ਦੀ ਮਰਜਿੰਗ ਕਰਨ ਲਈ ਜ਼ਿਲ੍ਹੇ ਵਿੱਚ ਪਿਛਲੇ ਸਮੇਂ ਦੌਰਾਨ ਸਰਵੇ ਕੀਤਾ ਗਿਆ ਹੈ ਅਤੇ ਜਬਰ ਦਸਤੀ ਅਧਿਆਪਕਾਂ ਤੇ ਦਬਾਅ ਪਾ ਕੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਸਕੂਲਾਂ ਨੂੰ ਮਰਜ਼ ਕਰਨ ਸਬੰਧੀ ਸਹਿਮਤੀ ਦੇ ਮਤੇ ਪਵਾਏ ਗਏ ਹਨ, ਸਕੂਲਾਂ ਦੀ ਮਰਜਿੰਗ ਕਰਨ ਲਈ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਾਇਲਟ ਜ਼ਿਲ੍ਹੇ ਵਜੋਂ ਚੁਣਿਆ ਗਿਆ ਹੈ ਜੋ ਕਿ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਜੇਕਰ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਮਰਜਿੰਗ ਨਾਲ ਆਉਣ ਵਾਲੇ ਸਮੇਂ ਵਿੱਚ ਪ੍ਰਾਇਮਰੀ ਡਾਇਰੈਕਟਰੇਟ ਖਤਮ ਹੋ ਜਾਵੇਗਾ, ਪ੍ਰਾਇਮਰੀ ਕਾਡਰ ਦਾ ਪ੍ਰਮੋਸ਼ਨ ਚੈਨਲ ਐਚ ਟੀ, ਸੀ ਐਚ ਟੀ, ਬੀ ਪੀ ਈ ਓ ਖਤਮ ਹੋ ਜਾਵੇਗਾ, ਸਕੂਲਾਂ ਦੀ ਮਰਜਿੰਗ ਨਾਲ ਪਿੰਡਾਂ ਵਿੱਚ ਚੱਲ ਰਹੇ ਪ੍ਰਾਇਮਰੀ ਸਕੂਲ ਬੰਦ ਕੀਤੇ ਜਾਣਗੇ ਅਤੇ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਕੰਪਲੈਕਸ ਸਕੂਲ ਬਣਾਏ ਜਾਣਗੇ, ਛੋਟੇ ਪਿੰਡਾਂ ਦੇ ਵਿਦਿਆਰਥੀਆਂ ਤੋਂ ਜਨਤਕ ਸਿੱਖਿਆ ਦੂਰ ਹੋ ਜਾਵੇਗੀ। ਸਕੂਲਾਂ ਦੀ ਮਰਜਿੰਗ ਕਰਕੇ ਸਿੱਖਿਆ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਵਿਭਾਗ ਦੀ ਅਕਾਰ ਘਟਾਈ ਕੀਤੀ ਜਾ ਰਹੀ ਹੈ ਜੋ ਕਿ ਜਨਤਕ ਸਿੱਖਿਆ ਨੂੰ ਖਤਮ ਕਰਕੇ ਪ੍ਰਾਈਵੇਟ ਅਦਾਰਿਆਂ ਨੂੰ ਹੋਰ ਖੁੱਲ ਦੇਣ ਵੱਲ ਚੁੱਕਿਆ ਗਿਆ ਕਦਮ ਹੈ। ਡੀ ਟੀ ਐਫ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਇਸ ਦਾ ਹਰ ਪੱਧਰ ਤੇ ਵਿਰੋਧ ਕੀਤਾ ਜਾਵੇਗਾ।ਜਿਲ੍ਹਾ ਆਗੂਆਂ ਅਮਨਦੀਪ ਸਿੰਘ ਖੇੜਾ ਤੇ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਕ ਹੋਰ ਬਹੁਤ ਗੰਭੀਰ ਮੁੱਦਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਬੀ ਪੀ ਈ ਓ ਜਖਵਾਲੀ ਵੱਲੋਂ ਸ਼ਿਕਾਇਤ ਕਰਤਾ ਅਧਿਆਪਕਾਂ ਨੂੰ ਨਿੱਜੀ ਰੰਜਿਸ਼ ਤਹਿਤ ਤੰਗ ਪਰੇਸ਼ਾਨ ਕਰਕੇ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਰੱਦ ਕਰਵਾਉਣ, ਚਲ ਰਹੀ ਰੈਗੂਲਰ ਜਾਂਚ ਸਮੇਂ ਬੱਧ ਤਰੀਕੇ ਨਾਲ ਕਰਵਾਉਣਾ ਅਤੇ ਜ਼ਿਲ੍ਹੇ ਤੋਂ ਬਾਹਰ ਬਦਲੀ ਕਰਵਾਉਣ ਨਾਲ ਸੰਬੰਧਿਤ ਹੈ।
ਉਪਰੋਕਤ ਏਜੰਡਿਆਂ ਦੇ ਅਤਿ ਗੰਭੀਰ ਹੋਣ ਕਾਰਨ ਮੀਟਿੰਗ ਵਿੱਚ ਹਾਜ਼ਰ ਮੈਬਰਾਂ ਨੇ 5 ਸਤੰਬਰ ਦੇ ਜਿਲ੍ਹਾ ਪੱਧਰੀ ਐਕਸ਼ਨ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ।ਇਸ ਮੌਕੇ ਜਿਲ੍ਹਾ ਕਮੇਟੀ ਮੈਂਬਰ ਅਮਨਦੀਪ ਸਿੰਘ ਖੇੜਾ, ਹਰਜਿੰਦਰ ਸਿੰਘ, ਗੁਰਪਾਲ ਸਿੰਘ, ਅਮਰਿੰਦਰ ਸਿੰਘ, ਵਰਿੰਦਰ ਕੁਮਾਰ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ ਭਗੜਾਣਾ, ਜਸਵੀਰ ਸਿੰਘ ਝਾਮਪੁਰ,ਮਲਕੀਤ ਸਿੰਘ, ਸੁਖਜੀਤ ਸਿੰਘ, ਜਗਦੀਸ਼ ਸਿੰਘ ਬਧੌਛੀ, ਸੁਖਵੀਰ ਸਿੰਘ ਬਧੌਛੀ, ਚਸਦੀਪ ਸਿੰਘ, ਅਰਸ਼ਦੀਪ ਲਟਾਵਾ,ਮਨਜੀਤ ਕੁਮਾਰ,ਜਸਵੰਤ ਸਿੰਘ, ਜਸਵਿੰਦਰ ਸਿੰਘ, ਅਮਨਦੀਪ ਸਿੰਘ ਸਾਧੂਗੜ,ਰਣਵੀਰ ਸਿੰਘ,ਵਿਜੇ ਕੁਮਾਰ, ਜਗਜੀਤ ਸਿੰਘ, ਜਸ਼ਨਦੀਪ ਸਿੰਘ ਆਦਿ ਅਧਿਆਪਕ ਮੌਜੂਦ ਰਹੇ।