ਰਾਹੁਲ ਗਾਂਧੀ ਤੇ ਖੜਗੇ ਅੱਜ ਕਸ਼ਮੀਰ ਘਾਟੀ ‘ਚ 10 ਜ਼ਿਲ੍ਹਿਆਂ ਦੇ ਪਾਰਟੀ ਨੇਤਾਵਾਂ ਤੇ ਵਰਕਰਾਂ ਨਾਲ ਮੀਟਿੰਗਾਂ ਕਰਨਗੇ
ਸ਼੍ਰੀਨਗਰ, 22 ਅਗਸਤ,
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੂਬੇ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ ‘ਤੇ ਪਹੁੰਚੇ। ਹਵਾਈ ਅੱਡੇ ‘ਤੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੱਸ ਦੇਈਏ ਕਿ ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹੱਥਾਂ ਵਿੱਚ ਪਾਰਟੀ ਦੇ ਝੰਡੇ ਲੈ ਕੇ ਏਅਰਪੋਰਟ ਦੇ ਬਾਹਰ ਖੜ੍ਹੇ ਨਜ਼ਰ ਆਏ।
ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਦੋਵੇਂ ਆਗੂ 18 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਤਿੰਨ ਪੜਾਵਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਅਹਿਮ ਮੀਟਿੰਗਾਂ ਲਈ ਆਏ ਹਨ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਦੋਵਾਂ ਨੇਤਾਵਾਂ ਦੀ ਕੋਈ ਅਧਿਕਾਰਤ ਮੀਟਿੰਗ ਤੈਅ ਨਹੀਂ ਸੀ। ਦੋਵੇਂ ਵੀਰਵਾਰ ਨੂੰ ਕਸ਼ਮੀਰ ਘਾਟੀ ਦੇ 10 ਜ਼ਿਲ੍ਹਿਆਂ ਦੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨਾਲ ਵਿਆਪਕ ਮੀਟਿੰਗਾਂ ਕਰਨਗੇ।