ਮੋਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਮਤੇ ਪਾਸ ਹੋਣ ਦੌਰਾਨ ਪਿਆ ਰੌਲਾ ਰੱਪਾ
ਐਸ ਏ ਐਸ ਨਗਰ 22 ਅਗਸਤ ,ਬੋਲੇ ਪੰਜਾਬ ਬਿਊਰੋ ;
ਨਗਰ ਨਿਗਮ ਐਸ ਏ ਐਸ ਨਗਰ ਦੀ ਅੱਜ ਹੋਈ ਮੀਟਿੰਗ ਦੌਰਾਨ ਸ਼ਹਿਰ ਵਿਚਲੀ ਸਫਾਈ ਵਿਵਸਥਾ ਦੀ ਬਦਹਾਲੀ ਅਤੇ ਹੋਰਨਾਂ ਮੱਦਿਆਂ ਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ ਅਤੇ ਇਸ ਦੌਰਾਨ ਨਿਗਮ ਅਧਿਕਾਰੀਆਂ ਤੇ ਇਲਜਾਮ ਵੀ ਲਗਾਏ ਗਏ। ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਸਾਰੇ ਮਤੇ ਪਾਸ ਹੋ ਗਏ। ਇਸ ਦੌਰਾਨ ਇਸ਼ਤਿਹਾਰਬਾਜੀ ਦੀਆਂ ਸਾਈਟਾਂ ਦੇ 5 ਵਾਰ ਟੈਂਡਰ ਜਾਰੀ ਕੀਤੇ ਜਾਣ ਦੇ ਬਾਵਜੂਦ ਕਿਸੇ ਕੰਪਨੀ ਵਲੋ ਟੈਂਡਰ ਪ੍ਰਕ੍ਰਿਆ ਵਿੱਚ ਭਾਗ ਨਾ ਲਏ ਜਾਣ ਸੰਬਧੀ ਮਤੇ ਤੇ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਵਲੋ ਇਲਜਾਮ ਲਗਾਇਆ ਗਿਆ ਕਿ ਨਿਗਮ ਦੇ ਅਧਿਕਾਰੀਆਂ ਵਲੋ ਇਸ ਕੰਮ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕੀਤਾ ਜਾਂਦਾ ਹੈ ਅਤੇ ਇਸਦੀ ਵਿਜੀਲੈਂਸ ਜਾਂਚ ਕਰਵਾਏ ਜਾਣ ਦੀ ਲੋੜ ਹੈ।ਉਹਨਾਂ ਕਿਹਾ ਕਿ ਇਸ ਸੰਬੰਧੀ ਨਿਗਮ ਦੀ ਪਿਛਲੀ ਮੀਟਿੰਗ ਵਿੱਚ ਹਾਊਸ ਵਲੋ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਸੰਬੰਧੀ ਮਤਾ ਵੀ ਪਾਸ ਕੀਤਾ ਗਿਆ ਸੀ ਪਰੰਤੂ ਸਰਕਾਰ ਨੇ ਜਾਂਚ ਨਹੀ ਕਰਵਾਈ। ਇਸ ਮੌਕੇ ਮਨਜੀਤ ਸਿੰਘ ਸੇਠੀ ਅਤੇ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਨਿਗਮ ਦੇ ਅਧਿਕਾਰੀ ਇਹ ਠੇਕਾ ਦੇਣਾ ਹੀ ਨਹੀ ਚਾਹੁੰਦੇ ਤਾਂ ਜੋ ਉਹ ਇਹਨਾਂ ਬੋਰਡਾਂ ਤੇ ਬਾਹਰੋ ਬਾਹਰ ਇਸ਼ਤਿਹਾਰ ਲਗਵਾ ਕੇ ਆਪਣੀਆਂ ਜੇਬ੍ਹਾਂ ਭਰ ਸਕਣ। ਇਸ ਮੌਕੇ ਹਾਊਸ ਵਲੋ ਇਸ਼ਤਿਹਾਰ ਬਾਜੀ ਦੇ ਕੰਮ ਦਾ ਟੈਂਡਰ ਨਵੇ ਸਿਰੇ ਤੋ ਜਾਰੀ ਕਰਨ ਅਤੇ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦਾ ਮਤਾ ਪਾਸ ਕਰ ਦਿੱਤਾ ਗਿਆ।
ਮੀਟਿੰਗ ਦੌਰਾਨ ਸ਼ਹਿਰ ਦੀ ਬਦਹਾਲ ਸਫਾਈ ਵਿਵਸਥਾ ਨੂੰ ਲੈ ਕੇ ਵੀ ਕਾਫੀ ਰੌਲਾ ਪਿਆ। ਇਸ ਦੌਰਾਨ ਕੌਂਸਲਰ ਵਿਨੀਤ ਮਲਿਕ ਵਲੋ ਸੁਸਾਇਟੀਆਂ ਦੇ ਕੂੜੇ ਦੇ ਪ੍ਰਬੰਧਨ ਦਾ ਮੁੱਦਾ ਚੁੱਕਿਆ ਗਿਆ ਅਤੇ ਮੰਗ ਕੀਤੀ ਗਈ ਕਿ ਨਿਗਰ ਨਿਗਮ ਵਲੋ ਸੁਸਾਇਟੀਆਂ ਦਾ ਕੂੜਾ ਪਹਿਲਾਂ ਵਾਂਗ ਹੀ ਚੁਕਵਾਇਆ ਜਾਵੇ। ਉਹਨਾਂ ਕਿਹਾ ਕਿ ਇਹਨਾਂ ਸੁਸਾਇਟੀਆਂ ਵਿਚ 30 ਹਜਾਰ ਦੇ ਕਰੀਬ ਲੋਕ ਰਹਿੰਦੇ ਹਨ ਜਿਹੜੇ ਸ਼ਹਿਰ ਦੇ ਹੀ ਵਸਨੀਕ ਅਤੇ ਵੋਟਰ ਹਨ ਅਤੇ ਉਹਨਾਂ ਨਾਲ ਮਤਰੇਆ ਸਲੂਕ ਨਹੀ ਹੋਣਾ ਚਾਹੀਦਾ। ਇਸ ਮੌਕੇ ਟੇਬਲ ਆਈਟਮ ਪਾ ਕੇ ਪਤਾ ਪਾਸ ਕੀਤਾ ਗਿਆ ਕਿ ਨਿਗਮ ਵਲੋ ਸੁਸਾਇਟੀਆਂ ਦਾ ਕੂੜਾ ਵੀ ਪਹਿਲਾਂ ਵਾਂਗ ਹੀ ਚੁਕਵਾਇਆ ਜਾਵੇ।
ਇਸ ਦੌਰਾਨ ਮਾਰਕੀਟਾਂ ਦੇ ਪਿੱਛਲੇ ਪਾਸੇ ਦੀ ਸੜਕ ਤੇ ਸੀਵਰੇਜ ਜਾਮ ਹੋ ਕੇ ਉਵਰਫਲੋ ਹੋੋਣ ਦਾ ਮੁੱਦਾ ਵੀ ਉਠਿਆ ਅਤੇ ਕੌਂਸਲਰਾਂ ਨੇ ਕਿਹਾ ਕਿ ਇਸ ਕਾਰਨ ਜਿੱਥੇ ਭਾਰੀ ਗੰਦਗੀ ਫੈਲਦੀ ਹੈ ਉੱਥੇ ਇਸ ਕਾਰਨ ਬਿਮਾਰੀ ਫੈਲਣ ਦਾ ਵੀ ਖਤਰਾ ਰਹਿੰਦਾ ਹੈ। ਇਸ ਮੌਕੇ ਮਤਾ ਪਾਸ ਕੀਤਾ ਗਿਆ ਕਿ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਜਿਹੜੇ ਦੁਕਾਨਦਾਰਾਂ ਦੇ ਪਿਛਲੇ ਪਾਸੇ ਸੀਵਰੇਜ ਜਾਮ ਹੋਵੇਗਾ ਉਹਨਾਂ ਦੇ ਚਾਲਾਨ ਕੱਟੇ ਜਾਣਗੇ। ਇਸਦੇ ਨਾਲ ਹੀ ਗਮਾਡਾ ਨੂੰ ਪੱਤਰ ਲਿਖਣ ਦਾ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਬੂਥਾਂ ਵਿੱਚ ਖਾਣ ਪੀਣ ਦਾ ਕੰਮ ਚਲਦਾ ਹੈ ਜਾਂ ਤਾਂ ਗਮਾਡਾ ਉਹਨਾਂ ਵਿੱਚ ਸੀਵਰੇਜ ਅਤੇ ਪਾਣੀ ਦੇ ਕਨੈਕਸ਼ਨ ਦੇਵੇ ਜਾਂ ਫਿਰ ਇਹਨਾਂ ਵਿੱਚ ਚਲਦੇ ਕਨੈਕਸ਼ਨ ਸਖਤੀ ਨਾਲ ਬੰਦ ਕਰਵਾਏ ਜਾਣ।
ਇਸ ਮੌਕੇ ਸ਼ਹਿਰ ਵਿਚਲੇ ਜਨਤਕ ਪਖਾਨਿਆਂ ਦੇ ਰੱਖ ਰਖਾਓ ਦਾ ਕੰਮ ਸਮਾਜਸੇਵੀ ਜੱਥੇਬੰਦੀਆਂ ਨੂੰ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ ਜਿਸਦੇ ਤਹਿਤ ਠੇਕੇਦਾਰ ਨੂੰ ਕੀਤੀ ਜਾਣ ਵਾਲੀ ਰਕਮ ਦੀ ਅਦਾਇਗੀ ਦੇ ਬਰਾਬਰ ਦੀ ਰਕਮ ਤੇ ਸਵੈ ਸੇਵੀ ਸੰਸਥਾਵਾਂ ਨੂੰ ਇਹਨਾਂ ਪਖਾਨਿਆ ਦੇ ਰੱਖ ਰਖਾਓ ਦਾ ਕੰਮ ਸੌਪਿਆ ਜਾਵੇਗਾ।
ਮੀਟਿੰਗ ਦੌਰਾਨ ਨਿਗਮ ਵਲੋ ਪਿੰਡਾਂ ਵਿੱਚ ਲੋੜੀਦੀਆਂ ਬੁਨਿਆਦੀ ਸੁਵਿਧਾਵਾਂ ਮੁਹਈਆ ਨਾ ਕਰਵਾਏ ਜਾਣ ਦਾ ਮੁੱਦਾ ਉਠਿਆ ਅਤੇ ਸੋਹਾਣਾ ਦੇ ਕੌਂਸਲਰਾਂ ਹਰਜਿੰਦਰ ਕੌਰ ਬੈਦਵਾਨ ਅਤੇ ਹਰਜੀਤ ਸਿੰਘ ਭੋਲੂ ਵਲੋ ਪਿੰਡ ਦੀ ਬਦਤਰ ਸਫਾਈ ਵਿਵਸਥਾ ਦਾ ਮੁੱਦਾ ਚੁੱਕਦਿਆਂ ਇਸ ਵਿੱਚ ਤੁਰੰਤ ਸੁਧਾਰ ਦੀ ਮੰਗ ਕੀਤੀ ਗਈ। ਕੁਲ ਮਿਲਾ ਕੇ ਸਾਢੇ ਪੰਜ ਮਹੀਨਿਆਂ ਬਾਅਦ ਹੋਈ ਨਿਗਮ ਦੀ ਮੀਟਿੰਗ ਵਿੱਚ ਹੋਈ ਹਲਕੀ ਬਹਿਸ ਅਤੇ ਰੌਲੇ ਰੱਪੇ ਦੌਰਾਨ ਸਾਰੇ ਮਤੇ ਪਾਸ ਕਰ ਦਿੱਤੇ ਗਏ