ਮੋਹਾਲੀ ਦੇ ਵੇਰਕਾ ਪਲਾਂਟ ਦੇ ਮੇਨ ਗੇਟ ‘ਤੇ ਕਿਸਾਨਾਂ ਨੇ ਜੜਿਆ ਜਿੰਦਰਾ, ਮੁਲਾਜ਼ਮ ਅੰਦਰ ਫਸੇ
ਮੋਹਾਲੀ 21 ਅਗਸਤ,ਬੋਲੇ ਪੰਜਾਬ ਬਿਊਰੋ :
ਮੋਹਾਲੀ ਦੇ ਫੇਜ਼-6 ਸਥਿਤ ਵੇਰਕਾ ਪਲਾਂਟ ਦੇ ਮੇਨ ਗੇਟ ਨੂੰ ਕਿਸਾਨਾਂ ਵੱਲੋਂ ਜਿੰਦਰਾ ਜੜ ਦਿੱਤਾ ਗਿਆ ਹੈ। ਪਲਾਂਟ ਵਿੱਚ ਕੰਮ ਕਰਦੇ ਮੁਲਾਜ਼ਮ ਵੀ ਅੰਦਰ ਹੀ ਫਸ ਗਏ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਹਨ। ਸ਼ਾਮ 5 ਵਜੇ ਮੁਲਾਜ਼ਮਾਂ ਨੂੰ ਛੁੱਟੀ ਹੋਣੀ ਸੀ। ਇਸ ਤੋਂ ਪਹਿਲਾਂ ਹੀ ਕਿਸਾਨਾਂ ਨੇ ਗੇਟ ਨੂੰ ਜਿੰਦਰਾ ਜੜ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੇਟ ’ਤੇ ਲਗਾਏ ਗਏ ਤਾਲੇ ਨੂੰ ਖੋਲ੍ਹਣ ਲਈ ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿਸਾਨਾਂ ਨੇ ਵੇਰਕਾ ਪਲਾਂਟ ਦੇ ਮੇਨ ਗੇਟ ਨੂੰ ਤਾਲਾ ਕਿਉਂ ਲਗਾਇਆ। ਕਰੀਬ ਇੱਕ ਘੰਟੇ ਤੋਂ ਗੇਟ ਨੂੰ ਤਾਲਾ ਲੱਗਿਆ ਹੋਇਆ ਹੈ। ਪਲਾਂਟ ਵਿੱਚ ਕੰਮ ਕਰ ਰਹੀਆਂ ਮਹਿਲਾ ਵਰਕਰਾਂ ਨੂੰ ਇੱਕ ਘੰਟੇ ਬਾਅਦ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਫੇਜ਼-6 ਦੀ ਮੁੱਖ ਸੜਕ ’ਤੇ ਵੀ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ।