ਪੰਜਾਬ-ਹਰਿਆਣਾ ਹਾਈ ਕੋਰਟ ‘ਚ ਬਜ਼ੁਰਗ ਨਾਗਰਿਕਾਂ ਦੀਆਂ ਲਟਕੀਆਂ ਪਈਆਂ ਪਟੀਸ਼ਨਾਂ ਦਾ ਹੋਵੇਗਾ ਪਹਿਲ ਦੇ ਆਧਾਰ ‘ਤੇ ਨਿਪਟਾਰਾ
ਚੰਡੀਗੜ੍ਹ, 21 ਅਗਸਤ,ਬੋਲੇ ਪੰਜਾਬ ਬਿਊਰੋ :
ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਲਟਕੀਆਂ ਪਈਆਂ ਬਜ਼ੁਰਗ ਨਾਗਰਿਕਾਂ ਦੀਆਂ ਪਟੀਸ਼ਨਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ।ਹਾਈ ਕੋਰਟ ‘ਚ ਕਰੀਬ 4 ਲੱਖ 30 ਹਜ਼ਾਰ ਮਾਮਲੇ ਲਟਕੇ ਹੋਏ ਹਨ। ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਬਜ਼ੁਰਗਾਂ ਦੀਆਂ ਪਟੀਸ਼ਨਾਂ ਦਾ ਜਲਦੀ ਨਿਪਟਾਰਾ ਕਰਨ ਲਈ ਕਿਹਾ ਹੈ।ਅਜਿਹੇ ਮਾਮਲੇ ਜਿਨ੍ਹਾਂ ‘ਚ ਪਟੀਸ਼ਨਰ ਜਾਂ ਅਪੀਲਕਰਤਾ ਦੀ ਉਮਰ 91 ਸਾਲ ਤੋਂ ਵੱਧ ਹੈ, ਉਨ੍ਹਾਂ ਦੇ ਮਾਮਲਿਆਂ ਦੀ ਛਾਂਟੀ ਕਰ ਕੇ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਿਹਾ ਗਿਆ ਹੈ।
ਹਾਈ ਕੋਰਟ ‘ਚ ਇਸ ਸਮੇਂ ਸੀਨੀਅਰ ਸਿਟੀਜ਼ਨਾਂ ਦੀਆਂ 28 ਹਜ਼ਾਰ ਤੋਂ ਵੱਧ ਪਟੀਸ਼ਨਾਂ ਲਟਕੀਆਂ ਹੋਈਆਂ ਹਨ, ਜਿਨ੍ਹਾਂ ‘ਚੋਂ ਕਰੀਬ 7 ਹਜ਼ਾਰ ਮਾਮਲੇ ਅਪਰਾਧਿਕ ਹਨ। ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਜਿਹੜੇ ਪਟੀਸ਼ਨਕਰਤਾ ਉਮਰ ਦੇ ਇਸ ਪੜਾਅ ‘ਚ ਹਨ, ਉਹ ਆਪਣੇ ਆਧਾਰ ਕਾਰਡ ਜਾਂ ਹੋਰ ਸਰਟੀਫਿਕੇਟਾਂ ਨੂੰ ਅਪਡੇਟ ਕਰ ਕੇ ਆਪਣੇ ਮਾਮਲੇ ਨੂੰ ਪਹਿਲਾਂ ਸੁਣਵਾਈ ਲਈ ਲਿਆ ਸਕਦੇ ਹਨ। ਇਸ ਹੁਕਮ ਦਾ ਮਕਸਦ ਇਸ ਵਿਸ਼ੇਸ਼ ਸਮੂਹ ਦੀ ਸਿਹਤ ਤੇ ਹੋਰ ਚਿੰਤਾਵਾਂ ਨੂੰ ਦੂਰ ਕਰਨਾ ਹੈ।ਨਿਆਂ ਦੀ ਆਮ ਪ੍ਰਕਿਰਿਆ ‘ਚ ਜ਼ਿਆਦਾ ਦੇਰੀ ਸਿਹਤ ਅਤੇ ਤੰਦਰੁਸਤੀ ‘ਤੇ ਮਾੜਾ ਪ੍ਰਭਾਵ ਪਾ ਸਕਦੀ ਹੈ।ਹਾਈ ਕੋਰਟ ਸਮੇਂ ਸਿਰ ਵਿਵਾਦ ਨੂੰ ਹੱਲ ਕਰ ਕੇ ਆਪਣੀ ਵਚਨਬੱਧਤਾ ਨੂੰ ਪੂਰਾ ਕਰ ਰਿਹਾ ਹੈ। ਚੀਫ ਜਸਟਿਸ ਇਸ ਦੇ ਨਾਲ ਹੀ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਸੀਮਤ ਸਾਧਨਾਂ ਦੇ ਬਾਵਜੂਦ ਉਮਰ ਦੇ ਇਸ ਪੜਾਅ ‘ਚੋਂ ਲੰਘ ਰਹੇ ਲੋਕ ਵੀ ਅਦਾਲਤ ‘ਤੇ ਭਰੋਸਾ ਪ੍ਰਗਟਾ ਸਕਣ। ਦੱਸ ਦੇਈਏ ਕਿ ਹਾਈ ਕੋਰਟ ਮਨਜ਼ੂਰਸ਼ੁਦਾ 85 ਅਸਾਮੀਆਂ ਦੇ ਮੁਕਾਬਲੇ 55 ਜੱਜਾਂ ਨਾਲ ਕੰਮ ਕਰ ਰਹੀ ਹੈ।