ਕੇਂਦਰੀ ਲੇਖਕ ਸਭਾ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਗੈਸਟ ਫੈਕਲਟੀ ਅਧਿਆਪਕਾਂ ਦੇ ਸੰਘਰਸ਼ ਦੀ ਪੁਰਜ਼ੋਰ ਹਮਾਇਤ

ਚੰਡੀਗੜ੍ਹ ਪੰਜਾਬ

ਮੁੜ੍ਹ ਇੰਟਰਵਿਊ ਲੈਣ ਦਾ ਫੁਰਮਾਨ ਰੱਦ ਕਰਨ ਦੀ ਮੰਗ

ਚੰਡੀਗੜ੍ਹ 20 ਅਗਸਤ ,ਬੋਲੇ ਪੰਜਾਬ ਬਿਊਰੋ:

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੈਸਟ ਫੈਕਲਟੀ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕਰਦਿਆਂ ਯੂਨੀਵਰਸਿਟੀ ਦੇ ਕਾਰਜਕਾਰੀ ਵੀ. ਸੀ. ਵਲੋਂ ਗੈਸਟ ਫੈਕਲਟੀ ਅਧਿਆਪਕਾਂ ਦੀ ਮੁੜ ਇੰਟਰਵਿਊ ਲੈਣ ਦਾ ਫੁਰਮਾਨ ਰੱਦ ਕਰਨ ਅਤੇ ਇਹਨਾਂ ਅਧਿਆਪਕਾਂ ਨੂੰ ਪਹਿਲਾਂ ਵਾਂਗ ਹੀ ਨਿਰਧਾਰਿਤ ਤਨਖਾਹ `ਤੇ ਬਿਨਾਂ ਇੰਟਰਵਿਊ ਪੂਰੇ ਸਾਲ ਲਈ ਕੰਮ ਕਰਨ ਦੇ ਹੁਕਮ ਦੀ ਨਿਰੰਤਰਤਾ ਬਣਾਈ ਰੱਖਣ ਦੀ ਮੰਗ ਕੀਤੀ ਹੈ।


ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਇੱਥੋਂ ਜਾਰੀ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਚਾਹੀਦਾ ਤਾਂ ਇਹ ਸੀ ਕਿ ਲੰਮੇ ਸਮੇਂ ਤੋਂ ਕਾਰਜਸ਼ੀਲ ਇਹਨਾਂ ਗੈਸਟ ਫੈਕਲਟੀ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਪੂਰੇ ਪੇਅ ਸਕੇਲ ਮੁਤਾਬਕ ਪੱਕਾ ਕੀਤਾ ਜਾਂਦਾ, ਪਰ ਇਸ ਦੇ ਉਲਟ ਯੂਨੀਵਰਸਿਟੀ ਪ੍ਰਸ਼ਾਸਨ ਪਹਿਲਾਂ ਤੋਂ ਹੀ ਤੈਅ ਨਿਯਮਾਂ ਨੂੰ ਦਰਕਿਨਾਰ ਕਰ ਕੇ ਇਹਨਾਂ ਅਧਿਆਪਕਾਂ ਦੀ ਰੋਜ਼ੀ ਰੋਟੀ ਖੋਹਣ ਵੱਲ ਹੀ ਤੁਰ ਪਿਆ ਹੈ।
ਯਾਦ ਰਹੇ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਪੇਂਡੂ ਖੇਤਰਾਂ ਤੱਕ ਸਿੱਖਿਆ ਸੇਵਾਵਾਂ ਪਹੁੰਚਾਉਣ ਲਈ ਦੋ ਖੇਤਰੀ ਕੇਂਦਰ, ਪੰਜ ਨੇਬਰਹੁੱਡ ਕੈਂਪਸ ਅਤੇ ਤੇਰਾਂ ਕਾਂਸਟੀਚਿਊਟ ਕਾਲਜ ਸ਼ੁਰੂ ਕੀਤੇ ਗਏ ਸਨ। ਇਸ ਵਕਤ ਇਹਨਾਂ ਕਾਲਜਾਂ ਦਾ ਜ਼ਿਆਦਾਤਰ ਕੰਮ ਇਹ ਗੈਸਟ ਫੈਕਲਟੀ ਪ੍ਰੋਫ਼ੈਸਰ ਹੀ ਚਲਾ ਰਹੇ ਹਨ। ਇਹ ਸਾਰੇ ਪ੍ਰੋਫ਼ੈਸਰ ਯੂ. ਜੀ. ਸੀ. ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਜੋ ਪ੍ਰੋਫ਼ੈਸਰ ਲੱਗਣ ਦੇ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ।

ਸਤੰਬਰ 2022 ਤੋਂ ਪਹਿਲਾਂ ਇਹਨਾਂ ਪ੍ਰੋਫ਼ੈਸਰਾਂ ਨੂੰ ਪ੍ਰਤੀ ਲੈਕਚਰ ਦੇ ਹਿਸਾਬ ਨਾਲ 30,000/-ਮਹੀਨਾ ਤਨਖਾਹ ਮਿਲਦੀ ਸੀ, ਜੋ ਕੇ ਸਿਰਫ਼ ਸੱਤ ਤੋਂ ਅੱਠ ਮਹੀਨੇ ਮਿਲਦੀ ਸੀ, ਪਰ ਇਹਨਾਂ ਪ੍ਰੋਫ਼ੈਸਰਾਂ ਤੋਂ ਕੰਮ ਪੂਰਾ ਸਾਲ ਕਰਵਾਇਆ ਜਾਂਦਾ ਸੀ। ਇਸ ਤੋਂ ਬਾਅਦ ਇਹਨਾਂ ਗੈਸਟ ਫੈਕਲਟੀ ਅਧਿਆਪਕਾਂ ਦੇ ਸੰਘਰਸ਼ ਕਰ ਕੇ ਸਤੰਬਰ 2022 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇਹਨਾਂ ਪ੍ਰੋਫੈਸਰਾਂ ਨੂੰ 12 ਮਹੀਨੇ ਤਨਖਾਹ ਦੇਣ ਦਾ ਪ੍ਰਸਤਾਵ ਸਿੰਡੀਕੇਟ ਵਿਚ ਪਾਸ ਕੀਤਾ ਗਿਆ।

ਲੈਕਚਰ ਅਧਾਰਿਤ ਤਨਖਾਹ 35,000/-ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਅਤੇ ਗੈਰ ਅਧਿਆਪਨ ਮਹੀਨਿਆਂ ਵਿਚ ਪ੍ਰਤੀ ਮਹੀਨਾ 20,000/-ਰੁਪਏ ਤਨਖਾਹ ਕਰ ਦਿੱਤੀ ਗਈ। ਪਰ ਪਿਛਲੇ ਦਿਨੀਂ ਯੂਨੀਵਰਸਿਟੀ ਵਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਕਿ ਖੇਤਰੀ ਕੇਂਦਰ/ਨੇਬਰਹੁੱਡ ਕੈਂਪਸ ਅਤੇ ਕਾਂਸਟੀਚਿਊਟ ਕਾਲਜਾਂ ਵਿਚ ਕੰਮ ਕਰਦੇ ਪ੍ਰੋਫੈਸਰਾਂ ਨੂੰ ਨਵੇਂ ਸਿਰੇ ਤੋਂ ਇੰਟਰਵਿਊ ਕਰ ਕੇ ਰੱਖਿਆ ਜਾਵੇਗਾ। ਇਸ ਤਰ੍ਹਾਂ ਇਹਨਾਂ ਸਹਾਇਕ ਪ੍ਰੋਫੈਸਰਾਂ ਨੂੰ ਨੌਕਰੀਆਂ ਖੁੱਸਣ ਦਾ ਡਰ ਪੈਦਾ ਹੋ ਗਿਆ ਹੈ।


ਪਿਛਲੇ ਦਿਨਾਂ ਤੋਂ ਇਹਨਾਂ ਗੈਸਟ ਫੈਕਲਟੀ ਅਧਿਆਪਕਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਇਸ ਗ਼ੈਰ ਮਨੁੱਖੀ ਫੁਰਮਾਨਾਂ ਖ਼ਿਲਾਫ਼ ਸੰਘਰਸ਼ ਵਿੱਢਿਆ ਹੋਇਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ)ਨੇ ਇਸ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੇ ਹੋਏ ਕਿਹਾ ਕਿ ਜੇਕਰ ਇਹ ਫੁਰਮਾਨ ਵਾਪਿਸ ਨਹੀਂ ਲਿਆ ਗਿਆ ਤਾਂ ਪੰਜਾਬੀ ਦਾ ਸਮੁੱਚਾ ਲੇਖਕ ਭਾਈਚਾਰਾ ਇਹਨਾਂ ਅਧਿਆਪਕਾਂ ਦੇ ਸੰਘਰਸ਼ ਵਿਚ ਸ਼ਾਮਿਲ ਹੋਵੇਗਾ। ਕੇਂਦਰੀ ਪੰਜਾਬੀ ਲੇਖਕ ਸਭਾ ਨੇ ਭਰਾਤਰੀ ਜਥੇਬੰਦੀਆਂ ਨੂੰ ਵੀ ਅਧਿਆਪਕਾਂ ਦੇ ਇਸ ਹੱਕੀ ਸੰਘਰਸ਼ ਦੇ ਸਮਰਥਨ ਵਿਚ ਉਤਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *