ਵਿਸ਼ਵ ਪੰਜਾਬੀ ਸਭਾ ਦੀ ਤੀਜੀ ਅੰਤਰਰਾਸ਼ਟਰੀ ਕਾਨਫ਼ਰੰਸ ਬਰੈਂਪਟਨ ’ਚ ਸ਼ੁਰੂ
ਸੰਸਾਰ ਭਰ ਤੋਂ ਆਏ ਮਾਹਰਾਂ ਨੇ 6 ਖੋਜ ਪੱਤਰ ਕੀਤੇ ਪੇਸ਼
ਬਰੈਂਪਟਨ 19 ਅਗਸਤ ,ਬੋਲੇ ਪੰਜਾਬ ਬਿਊਰੋ:
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਤਿੰਨ ਰੋਜ਼ਾ, ਤੀਸਰੀ ਸੰਸਾਰ ਵਿਆਪੀ ਕਾਨਫ਼ਰੰਸ ਬਰੈਂਪਟਨ ਵਿਖੇ 16 ਅਗੱਸਤ ਨੂੰ ਸ਼ੁਰੂ ਹੋ ਗਈ ਹੈ। ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਵੱਡੇ ਉਪਰਾਲਿਆਂ ਨੂੰ ਸਰਮਪਿਤ ਇਸ ਪ੍ਰੋਗਰਾਮ ਵਿਚ ਸੰਸਾਰ ਭਰ ਤੋਂ ਪੰਜਾਬੀ ਭਾਸ਼ਾ ਦੇ ਮਾਹਰ ਹਿੱਸਾ ਲੈ ਰਹੇ ਹਨ।
ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਵਾਲੇ ਪਹਿਲੇ ਦਿਨ ਦੇ ਪ੍ਰੋਗਰਾਮ ਵਿਚ ਨਾਟਕਕਾਰ ਡਾ. ਆਤਮਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਭਾਸ਼ਾ ਮਾਹਰ ਡਾ. ਜੋਗਾ ਸਿੰਘ ਵਿਰਕ, ਡਾ. ਸੁੱਚਾ ਸਿੰਘ ਗਿੱਲ ਅਤੇ ਹੋਰਾਂ ਨੇ ਪ੍ਰਧਾਨਗੀ ਮੰਡਲ ਵਿਚ ਹਾਜ਼ਰੀ ਲਗਵਾਈ। ਕਾਨਫ਼ਰੰਸ ਦੇ ਪਹਿਲੇ ਦਿਨ ਸੰਸਾਰ ਭਰ ਤੋਂ ਆਏ ਮਾਹਰਾਂ ਨੇ 6 ਖੋਜ ਪੱਤਰ ਪੇਸ਼ ਕੀਤੇ। ਇਸ ਦੌਰਾਨ ਪੰਜਾਬੀ ਦੀਆਂ ਤਰੁੱਟੀਆਂ, ਭਾਸ਼ਾਈ ਮਿਆਰ ਤੇ ਅਜੋਕੀ ਨੌਜਵਾਨੀ ਪੀੜ੍ਹੀ ਵਿਚ ਭਾਸ਼ਾ ਪ੍ਰਤੀ ਪ੍ਰੇਮ ਲਈ ਉਪਰਾਲਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ।
ਪ੍ਰੋਗਰਾਮ ਦੌਰਾਨ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਪੁੱਜੇ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਭਾਸ਼ਾ ਪ੍ਰਤੀ ਨਵੀਆਂ ਸਾਹਿਤਕ ਲੀਹਾਂ ਪਾਉਣ ’ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਮਾਂ ਬੋਲੀ ਲਈ ਐਨੇ ਵੱਡੇ ਮਾਹਰਾਂ ਦਾ ਸਾਂਝੇ ਯਤਨ ਕਰਨਾ ਭਵਿੱਖ ਲਈ ਸ਼ੁਭ ਸੰਕੇਤ ਹੈ। ਅਪਣੇ ਭਾਸ਼ਣ ਦੌਰਾਨ ਮੁੱਖ ਮਹਿਮਾਨ ਡਾ. ਆਤਮਜੀਤ ਸਿੰਘ ਨੇ ਕਿਹਾ ਕਿ ਜਦੋਂ ਵੀ ਭਾਸ਼ਾ ਜਾਂ ਬੋਲੀ ਦੀ ਗੱਲ ਹੁੰਦੀ ਹੈ ਤਾਂ ਅਸੀਂ ਭਾਵੁਕ ਤਕਰੀਰਾਂ ਤੋਂ ਇਲਾਵਾ ਸੁਹਜ ਵਾਲੀ ਵਿਚਾਰ ਚਰਚਾ ਵੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦੌਰਾਨ ਭਾਵੇਂ ਭਾਵੁਕਤਾ ਵਾਲੀਆਂ ਗੱਲਾਂ ਕੀਤੀਆਂ ਜੋ ਕਿ ਮਾਂ ਨਾਲ ਜੁੜੀਆਂ ਗੱਲਾਂ ’ਚ ਦਲੀਲਾਂ ਨਹੀਂ ਚਲਦੀਆਂ ਤੇ ਜਦੋਂ ਮਾਂ ਬੋਲੀ ਦੀ ਗੱਲ ਹੁੰਦਾ ਹੈ ਤਾਂ ਭਾਵੁਕਤਾ ਹੋਣਾ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮਸਲੇ ਨਜਿੱਠਣੇ ਹੋਣ ਤਾਂ ਸਾਨੂੰ ਗਿਆਨ ਸੁਹਜਮਈ ਚਿੰਤਨ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦੌਰਾਨ ਸੁਹਜਮਈ ਚਿੰਤਨ ਦੀ ਗੱਲ ਹੋਈ ਹੈ।
ਇਹ ਕਾਨਫ਼ਰੰਸ ਅੰਤਰਰਾਸ਼ਟਰੀ ਪੱਧਰ ਦੀ ਛਾਪ ਛੱਡ ਗਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਰੋੜਾਂ ਪੰਜਾਬੀ ਸ਼ਾਹਮੁੱਖੀ ’ਚ ਪੰਜਾਬੀ ਪੜ੍ਹਦੇ ਹਨ ਤੇ ਚੜ੍ਹਦੇ ਪੰਜਾਬ ਵਾਲੇ ਗੁਰਮੁਖੀ ਵਿਚ ਇਸ ਤਰ੍ਹਾਂ ਦੋਵੇਂ ਮੁਲਕਾਂ ਦੇ ਪੰਜਾਬੀ ਕ੍ਰਮਵਾਰ ਗੁਰਮੁਖੀ ਤੇ ਸ਼ਾਹਮੁਖੀ ’ਚ ਲਿਖੇ ਸਾਹਿਤ ਨਾਲੋਂ ਟੁੱਟ ਹੋਏ ਹਨ। ਇਸ ਤੋਂ ਅਗਾਂਹ ਸਾਡੀ ਨਵੀਂ ਪੀੜ੍ਹੀ ਹੁਣ ਸੋਸ਼ਲ ਮੀਡੀਆ ’ਤੇ ਰੋਮਨ ਲਿਪੀ ਵਿਚ ਵੀ ਪੰਜਾਬੀ ਲਿਖਦੀ ਹੈ, ਇਹ ਸਾਰੇ ਮਸਲੇ ਸਵੈ-ਵਿਰੋਧ ਵਾਲੇ ਪਾਸੇ ਵਧਾਉਂਦੇ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਹ ਕਹਿਣਾ ਵੀ ਗ਼ਲਤ ਹੈ ਕਿ ਪੰਜਾਬੀ ਬੋਲਣ ਜਾਂ ਅਪਣੀ ਭਾਸ਼ਾ ਨਾਲ ਤਕਨੀਕੀ ਜਾਂ ਵਿਗਿਆਨਕ ਤੌਰ ’ਤੇ ਸਾਡੀ ਤਰੱਕੀ ਨਹੀਂ ਹੁੰਦੀ ਬਲਕਿ ਸਾਡੇ ਸਾਰੇ ਨੋਬੇਲ ਵਿਜੇਤਾ ਅਪਣੀ ਭਾਸ਼ਾ ਬੋਲਦੇ ਸਨ। ਇਸ ਲਈ ਮਾਂ ਬੋਲੀ ਵਿਕਾਸ ਤੇ ਤਕਨੀਕ ਦਾ ਮੁੱਢ ਹੈ। ਸਮਾਗਮ ਦਾ ਸ਼ੁਭ ਆਰੰਭ ਸਕੂਲੀ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਅਤੇ ਕੈਨੇਡਾ ਦੇ ਰਾਸ਼ਟਰੀ ਗੀਤ ਨਾਲ ਕੀਤਾ ਗਿਆ।
ਇਸ ਮੌਕੇ ਮੈਡਮ ਰੂਪ ਕਾਹਲੋਂ ਅਤੇ ਇਸਤਰੀ ਵਿੰਗ ਦੀ ਟੀਮ ਵਲੋਂ ਜੀ ਆਇਆਂ ਨੂੰ ਗੀਤ ਰਾਹੀਂ ਸ਼ਾਨਦਾਰ ਪੇਸ਼ਕਾਰੀ ਦਿਤੀ ਗਈ। ਸ਼ਮਾ ਰੋਸ਼ਨ ਦੀ ਰਸਮ ਸ. ਸੁਬੇਗ ਸਿੰਘ ਕਥੂਰੀਆ, ਸ. ਹਰਕੀਰਤ ਸਿੰਘ ਸੰਧੂ (ਡਿਪਟੀ ਮੇਅਰ, ਬ੍ਰੈਂਪਟਨ), ਡਾ. ਆਤਮਜੀਤ ਸਿੰਘ, ਡਾ. ਇੰਦਰਜੀਤ ਸਿੰਘ ਬੱਲ, ਡਾ. ਬਲਵਿੰਦਰ ਸਿੰਘ, ਡਾ. ਸੁੱਚਾ ਸਿੰਘ, ਸ੍ਰੀਮਤੀ ਹਰਜਿੰਦਰ ਕੌਰ (ਸਾਬਕਾ ਡਿਪਟੀ ਮੇਅਰ, ਚੰਡੀਗੜ੍ਹ), ਅਤੇ ਸਰਦਾਰਨੀ ਪ੍ਰੀਤਮ ਕੌਰ ਕਥੂਰੀਆ ਨੇ ਕੀਤੀ। ਇਸ ਮੌਕੇ ਡਾ. ਦਲਬੀਰ ਸਿੰਘ ਕਥੂਰੀਆ ਨੇ ਸਵਾਗਤੀ ਸ਼ਬਦ ਆਖੇ ਅਤੇ ਡਾ. ਇੰਦਰਜੀਤ ਸਿੰਘ ਬੱਲ ਨੇ ਕੁੰਜੀਵਤ ਭਾਸ਼ਣ ਪੇਸ਼ ਕੀਤਾ।