ਪੰਜਾਬ ਪੁਲਿਸ ਵੱਲੋਂ ਵੱਡੀ ਮਾਤਰਾ ‘ਚ ਹੈਰੋਇਨ, ਅਫੀਮ,ਹਥਿਆਰ ਤੇ 12 ਲੱਖ 90 ਹਜ਼ਾਰ ਡਰੱਗ ਮਨੀ ਸਮੇਤ ਚਾਰ ਤਸਕਰ ਕਾਬੂ
ਫਿਰੋਜਪੁਰ, 19 ਅਗਸਤ,ਬੋਲੇ ਪੰਜਾਬ ਬਿਊਰੋ :
ਫ਼ਿਰੋਜ਼ਪੁਰ ਸੀ.ਆਈ.ਏ ਸਟਾਫ਼ ਨੇ ਦਾਣਾ ਮੰਡੀ (ਫ਼ਿਰੋਜ਼ਪੁਰ ਛਾਉਣੀ-ਤਲਵੰਡੀ ਭਾਈ) ਨੇੜਿਓਂ ਚਾਰ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਵਿੱਚੋਂ ਦੋ ਸਕੇ ਭਰਾ ਹਨ। ਤਲਾਸ਼ੀ ਦੌਰਾਨ ਇਕ ਕਿਲੋ ਹੈਰੋਇਨ, ਇਕ ਕਿਲੋ 16 ਗ੍ਰਾਮ ਅਫੀਮ, ਇਕ ਪਿਸਤੌਲ, ਸੱਤ ਕਾਰਤੂਸ ਅਤੇ 12 ਲੱਖ 90 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਥਾਣਾ ਕੁਲਗੜ੍ਹੀ ਅਤੇ ਤਲਵੰਡੀ ਭਾਈ ਦੀ ਪੁਲਸ ਨੇ ਚਾਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਅਨੁਸਾਰ ਸੀਆਈਏ ਦੀ ਟੀਮ ਗਸ਼ਤ ਕਰ ਰਹੀ ਸੀ ਤਾਂ ਉਸ ਨੂੰ ਕਿਸੇ ਮੁਖਬਰ ਤੋਂ ਸੂਚਨਾ ਮਿਲੀ ਕਿ ਦੋ ਸਕੇ ਭਰਾ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਕੋਲ ਨਾਜਾਇਜ਼ ਹਥਿਆਰ ਵੀ ਹਨ। ਉਸ ਨੇ ਨਸ਼ੇ ਦਾ ਕਾਰੋਬਾਰ ਕਰਨ ਲਈ ਪਿੰਡ ਨਵਾਂ ਪੁਰਵਾ ਵਿੱਚ ਕਿਰਾਏ ’ਤੇ ਮਕਾਨ ਲਿਆ ਹੋਇਆ ਹੈ। ਦੋਵੇਂ ਭਰਾ ਟੋਇਟਾ ਕਾਰ ਵਿੱਚ ਨਵਾਂ ਪੁਰਵਾ ਤੋਂ ਦਾਣਾ ਮੰਡੀ ਫ਼ਿਰੋਜ਼ਪੁਰ ਕੈਂਟ ਵੱਲ ਆ ਰਹੇ ਹਨ। ਦੋਵੇਂ ਪੁਲ ਕੋਲ ਖੜ੍ਹੇ ਗਾਹਕ ਦੀ ਉਡੀਕ ਕਰ ਰਹੇ ਹਨ।
ਸੂਚਨਾ ਦੇ ਆਧਾਰ ‘ਤੇ ਸੀਆਈਏ ਦੀ ਟੀਮ ਨੇ ਉਕਤ ਜਗ੍ਹਾ ‘ਤੇ ਛਾਪਾ ਮਾਰਿਆ। ਮੁਲਜ਼ਮ ਵਿਸ਼ਾਲ ਉਰਫ ਸ਼ੈਲੀ ਅਤੇ ਸੋਨੂੰ ਵਾਸੀ ਮਾਛੀਆਂ (ਜੀਰਾ) ਨੂੰ ਕਾਬੂ ਕਰ ਲਿਆ ਗਿਆ ਹੈ। ਤਲਾਸ਼ੀ ਦੌਰਾਨ ਇਕ ਕਿਲੋ ਹੈਰੋਇਨ, ਇਕ ਪਿਸਤੌਲ, ਸੱਤ ਕਾਰਤੂਸ ਅਤੇ 12 ਲੱਖ 90 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਥਾਣਾ ਕੁਲਗੜ੍ਹੀ ਦੀ ਪੁਲੀਸ ਨੇ ਮੁਲਜ਼ਮ ਵਿਸ਼ਾਲ ਅਤੇ ਸੋਨੂੰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਸੀ.ਆਈ.ਏ ਦੀ ਟੀਮ ਨੇ ਤਲਵੰਡੀ ਭਾਈ ਦੀ ਦਾਣਾ ਮੰਡੀ ਦੇ ਗੇਟ ਕੋਲ ਖੜ੍ਹੇ ਦੋ ਨੌਜਵਾਨਾਂ ਦੀ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸ਼ੀ ਲਈ।ਇਨ੍ਹਾਂ ਕੋਲੋਂ ਇਕ ਕਿਲੋ 16 ਗ੍ਰਾਮ ਅਫੀਮ ਬਰਾਮਦ ਹੋਈ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ੰਭੂ ਸਿੰਘ ਅਤੇ ਦੀਰਪ ਸਿੰਘ ਵਾਸੀ ਜਾਹਲਵਾੜਾ (ਰਾਜਸਥਾਨ) ਵਜੋਂ ਹੋਈ ਹੈ। ਥਾਣਾ ਤਲਵੰਡੀ ਭਾਈ ਦੀ ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।