ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਮੁਕਾਬਲੇ ਵਿੱਚ ਬੰਗਲੌਰ ਵਿਖੇ ਜਾਣਗੇ ਦੋਵੇਂ ਵਿਦਿਆਰਥੀ : ਰਾਜੀਵ ਕੁਮਾਰ ਹੈੱਡ ਮਾਸਟਰ ਢਕਾਂਨਸੂ ਕਲਾਂ
ਪਹਿਲੀ ਵਾਰ ਜਹਾਜ ਰਾਹੀਂ ਜਾਣ ਦਾ ਮੌਕਾ ਮਿਲਣ ਨਾਲ ਜ਼ਿੰਦਗੀ ਦਾ ਸੁਪਨਾ ਸਾਕਾਰ ਹੋਵੇਗਾ: ਗੁਰਜਸ਼ਨ ਅਤੇ ਚੰਨਪ੍ਰੀਤ
ਰਾਜਪੁਰਾ 18 ਅਗਸਤ ,ਬਿੋਲੇ ਪੰਜਾਬ ਬਿਊਰੋ :
ਜਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੀ ਅਗਵਾਈ ਅਤੇ ਸਕੂਲ ਹੈੱਡ ਮਾਸਟਰ ਰਾਜੀਵ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਹਾਈ ਸਕੂਲ ਢਕਾਂਨਸੂ ਕਲਾਂ ਵਿੱਚ ਨੌਵੀਂ ਜਮਾਤ ਦੇ ਵਿਦਿਆਰਥੀਆਂ ਗੁਰਜ਼ਸਨ ਸਿੰਘ ਅਤੇ ਚੰਨਪ੍ਰੀਤ ਸਿੰਘ ਨੇ ਦਿੱਲੀ ਵਿੱਚ ਆਪਣੀ ਕਾਬਲਿਅਤ ਦਾ ਝੰਡਾ ਗੱਡਿਆ। ਇਹਨਾਂ ਵਿਦਿਆਰਥੀਆਂ ਨੇ ਸਟੈਮ (ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਵੱਲੋਂ ਕਰਵਾਏ ਜ਼ੋਨਲ ਰਾਊਂਡ ਵਿੱਚ ਟੈਕ-ਇੰਜੀਨੀਅਰਿੰਗ ਟਿੰਕਰਿੰਗ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਪੰਜਾਬ ਤੋਂ ਹੀ ਨਹੀ ਬਲਕਿ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ ਸੀ। ਹੁਣ ਇਹ ਵਿਦਿਆਰਥੀ ਫਾਈਨਲ ਰਾਊਂਡ ਲਈ ਬੈਂਗਲੋਰ ਵਿਖੇ ਆਪਣਾ ਹੁਨਰ ਦਿਖਾਉਣਗੇ। ਇਸ ਮੌਕੇ ਹੈੱਡ ਮਾਸਟਰ ਰਾਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਗਾਇਡ ਅਧਿਆਪਕ ਮਨਦੀਪ ਸਿੰਘ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਹ ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਵਿਦਿਆਰਥੀ ਪਹਿਲੀ ਵਾਰ ਹਵਾਈ ਉਡਾਣ ਭਰਕੇ ਮੁਕਾਬਲੇ ਵਿੱਚ ਭਾਗ ਲੈਣਗੇ। ਇਸ ਨਾਲ ਜਿੱਥੇ ਉਹ ਤਕਨਾਲੋਜੀ ਅਤੇ ਇੰਜੀਨੀਅਰਿੰਗ ਬਾਰੇ ਹੋਰ ਜਾਣਕਾਰੀ ਲੈਣਗੇ ਉਸਦੇ ਨਾਲ-ਨਾਲ ਵਿਦਿਆਰਥੀ ਭਾਰਤ ਦੀ ਸੰਸਕ੍ਰਿਤੀ, ਸੱਭਿਆਚਾਰ ਅਤੇ ਭੂਗੋਲਿਕ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨਗੇ।