ਐਸਡੀਐਮ ਅਮਲੋਹ ਵੱਲੋਂ ਦੇਸ਼ ਭਗਤ ਗਲੋਬਲ ਸਕੂਲ ਦੀ ਗਿੱਧਾ ਟੀਮ ਦਾ ਸਨਮਾਨ
ਮੰਡੀ ਗੋਬਿੰਦਗੜ੍ਹ, 17 ਅਗਸਤ,ਬੋਲੇ ਪੰਜਾਬ ਬਿਊਰੋ ;
ਦੇਸ਼ ਭਗਤ ਗਲੋਬਲ ਸਕੂਲ ਨੇ ਭਾਰਤ ਦਾ 78ਵਾਂ ਸੁਤੰਤਰਤਾ ਦਿਵਸ ਬੜੇ ਹੀ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਇੰਦੂ ਸ਼ਰਮਾ ਨੇ ਇੱਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਜਿਸ ਵਿੱਚ ਸਾਡੇ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਅਤੇ ਇੱਕ ਆਜ਼ਾਦ ਰਾਸ਼ਟਰ ਦੇ ਨਾਗਰਿਕ ਵਜੋਂ ਨਿਭਾਈਆਂ ਜ਼ਿੰਮੇਵਾਰੀਆਂ ਸਾਰਿਆਂ ਨੂੰ ਯਾਦ ਕਰਾਇਆ।
ਇਸ ਮੌਕੇ ਵਿਦਿਆਰਥੀਆਂ ਨੇ ਇੱਕ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਡਾਂਸ ਤੇ ਭਾਸ਼ਣ ਸ਼ਾਮਲ ਸਨ। ਬੱਚਿਆਂ ਨੇ ਅਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਅਤੇ ਦੇਸ਼ ਭਗਤੀ ਦੇ ਗੀਤ ਗਏ। ਪ੍ਰੀ-ਪ੍ਰਾਇਮਰੀ ਵਿੰਗ ਨੇ ਰਾਸ਼ਟਰੀ ਪ੍ਰਤੀਕਾਂ ਦੇ ਵਿਸ਼ੇ ‘ਤੇ ਥੀਮੈਟਿਕ ਅਸੈਂਬਲੀ ਵਿੱਚ ਭਾਗ ਲਿਆ ਅਤੇ ਤਿੰਨ ਰੰਗਾਂ ਦੇ ਭੋਜਨ ਦਾ ਅਨੰਦ ਲਿਆ। ਉਨ੍ਹਾਂ ਨੇ ਆਜ਼ਾਦੀ ਘੁਲਾਟੀਆਂ ਦੀ ਤਰ੍ਹਾਂ ਪਹਿਰਾਵਾ ਪਹਿਨਿਆ ਹੋਇਆ ਸੀ। ਇਸੇ ਦੌਰਾਨ ਦੇਸ਼ ਭਗਤ ਗਲੋਬਲ ਸਕੂਲ ਦੇ ਬੱਚਿਆਂ ਨੇ ਅਮਲੋਹ ਵਿੱਚ ਕਰਵਾਏ ਗਏ ਸਬ ਡਵੀਜ਼ਨ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਇਸ ਵਿੱਚ ਉਹਨਾਂ ਵੱਲੋਂ ਗਿੱਧੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਦਰਸ਼ਕਾਂ ਨੇ ਬਹੁਤ ਸ਼ਲਾਘਾ ਕੀਤੀ। ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀਆਂ ਦੇ ਵਧੀਆ ਪ੍ਰਦਰਸ਼ਨ ‘ਤੇ ਐਸ.ਡੀ.ਐਮ ਅਮਲੋਹ ਕਰਨਦੀਪ ਸਿੰਘ ਨੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਇੰਦੂ ਸ਼ਰਮਾ ਅਤੇ ਅਧਿਆਪਕਾਂ ਸਮੇਤ ਗਿੱਧਾ ਟੀਮ ਨੂੰ ਸਨਮਾਨਿਤ ਕੀਤਾ।
ਸਕੂਲ ਦੇ ਚੇਅਰਮੈਨ ਡਾ: ਜ਼ੋਰਾ ਸਿੰਘ ਅਤੇ ਜਨਰਲ ਸਕੱਤਰ ਡਾ.ਤਜਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਵਧੀਆ ਸਥਾਨ ਬਣਾਉਣ ਲਈ ਯਤਨ ਕਰਨ|